ਅਮਰੀਕਾ ਵਿਚ ਮਿਜ਼ਾਈਲ ਹਮਲੇ ਨਾਲ ਡੇਗੇ ਗਏ ਸ਼ੱਕੀ ਚੀਨੀ ਗ਼ੁਬਾਰੇ ਵਿਚ ਜਾਸੂਸੀ ਕਰਨ ਦੇ ਉਪਕਰਨ ਲੱਗੇ ਸਨ। ਇਹ ਗੱਲ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ਕਹੀ ਹੈ। ਏਜੰਸੀ ਨੇ ਕਿਹਾ ਹੈ ਕਿ ਇਹ ਗ਼ੁਬਾਰਾ ਉਨ੍ਹਾਂ ਗ਼ੁਬਾਰਿਆਂ ਨਾਲ ਵਾਇਰਲੈੱਸ ਰਾਹੀਂ ਜੁੜਿਆ ਸੀ ਜੋ ਪੰਜ ਮਹਾਦੀਪਾਂ ਦੇ 40 ਤੋਂ ਵੱਧ ਦੇਸ਼ਾਂ ਉੱਪਰ ਉੱਡਦੇ ਹੋਏ ਜਾਸੂਸੀ ਕਰ ਰਹੇ ਹਨ।
ਐੱਫਬੀਆਈ ਅਮਰੀਕਾ ਵਿਚ ਹੋਣ ਵਾਲੇ ਅਪਰਾਧਾਂ ਦੀ ਜਾਂਚ ਲਈ ਉੱਚ ਅਧਿਕਾਰ ਪ੍ਰਾਪਤ ਏਜੰਸੀ ਹੈ। ਅਮਰੀਕੀ ਨੇਵੀ ਨੇ ਸਮੁੰਦਰ ਵਿਚੋਂ ਇਕੱਠੇ ਕੀਤੇ ਗ਼ੁਬਾਰੇ ਦੇ ਮਲਬੇ ਨੂੰ ਵਿਸ਼ਲੇਸ਼ਣ ਲਈ ਐੱਫਬੀਆਈ ਨੂੰ ਸੌਂਪਿਆ ਹੈ। ਹੋਰ ਸਰਕਾਰੀ ਏਜੰਸੀਆਂ ਵੀ ਜਾਂਚ ਵਿਚ ਸਹਿਯੋਗ ਕਰ ਰਹੀਆਂ ਹਨ। ਐੱਫਬੀਆਈ ਮੁਤਾਬਕ ਡੇਗੇ ਗਏ ਗ਼ੁਬਾਰੇ ਵਿਚ ਉੱਚ ਸਮਰੱਥਾ ਵਾਲੇ ਕੈਮਰੇ ਲੱਗੇ ਹੋਏ ਸਨ ਜੋ ਇਕ ਥਾਂ ਦੀਆਂ ਕਈ ਕੋਣਾਂ ਤੋਂ ਤਸਵੀਰਾਂ ਲੈਣ ਅਤੇ ਵੀਡੀਓ ਬਣਾਉਣ ਵਿਚ ਸਮਰੱਥ ਸਨ। ਗ਼ੁਬਾਰਾ ਬਹੁਤ ਹੌਲ਼ੀ ਗਤੀ ਨਾਲ ਅੱਗੇ ਵੱਧਦਾ ਹੈ, ਇਸ ਲਈ ਇਹ ਕੈਮਰੇ ਥਾਂ ਵਿਸ਼ੇਸ਼ ਦੀਆਂ ਸਰਗਰਮੀਆਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਦੇਖ ਸਕਣ ਵਿਚ ਸਮਰੱਥ ਹੁੰਦੇ ਹਨ। ਕੁਝ ਹੀ ਦੇਰ ਵਿਚ ਇਹ ਫੋਟੋ ਅਤੇ ਵੀਡੀਓ ਚੀਨ ਵਿਚ ਬਣੇ ਕੰਟਰੋਲ ਵਿਚ ਦਿਸਣ ਲੱਗਦੇ ਸਨ।
ਚੀਨ ਦੇ ਲੋਕਾਂ ਤੇ ਕੰਪਨੀਆਂ ’ਤੇ ਲੱਗ ਸਕਦੀ ਹੈ ਪਾਬੰਦੀ
ਅਮਰੀਕੀ ਅਸਮਾਨ ਵਿਚ ਜਾਸੂਸੀ ਕਰਨ ਵਾਲਾ ਗ਼ੁਬਾਰਾ ਭੇਜਣ ਦੀ ਚੀਨੀ ਹਰਕਤ ਪੁਸ਼ਟ ਹੋਣ ਤੋਂ ਬਾਅਦ ਅਮਰੀਕਾ ਹੁਣ ਮਾਮਲੇ ਨਾਲ ਜੁੜੇ ਲੋਕਾਂ ਅਤੇ ਕੰਪਨੀਆਂ ’ਤੇ ਪਾਬੰਦੀ ਲਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਹੋ ਰਿਹਾ ਹੈ ਉਨ੍ਹਾਂ ਵਿਚੋਂ ਕੁਝ ਚੀਨੀ ਫ਼ੌਜ ਨਾਲ ਵੀ ਜੁੜੇ ਹੋ ਸਕਦੇ ਹਨ। ਅਮਰੀਕੀ ਸਰਕਾਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਡੇਗੇ ਗਏ ਗੁਬਾਰੇ ਦੇ ਨਿਰਮਾਣ ਅਤੇ ਉਸ ਦੇ ਜ਼ਰੀਏ ਜਾਸੂਸੀ ਕਰਨ ਦੇ ਤਾਰ ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਅਮਰੀਕਾ ਨਾਲ ਵਾਰਤਾ ਦਾ ਮਾਹੌਲ ਨਹੀਂ : ਚੀਨ
ਚੀਨ ਦੇ ਜਾਸੂਸੀ ਗ਼ੁਬਾਰੇ ਨੂੰ ਡੇਗਣ ਦੇ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਬੀਜਿੰਗ ਫੋਨ ਕਰ ਕੇ ਆਪਣੇ ਚੀਨੀ ਹਮਰੁਤਬਾ ਵੀ ਫੇਂਗ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਫੋਨ ਨਹੀਂ ਚੁੱਕਿਆ। ਅਮਰੀਕੀ ਰੱਖਿਆ ਮੰਤਰਾਲੇ ਮੁਤਾਬਕ ਆਸਟਿਨ ਗ਼ੁਬਾਰਾ ਕਾਂਡ ਨਾਲ ਪੈਦਾ ਹੋਏ ਤਣਾਅ ਨੂੰ ਘੱਟ ਕਰਨਾ ਚਾਹੁੰਦੇ ਸਨ। ਜਵਾਬ ਵਿਚ ਚੀਨ ਨੇ ਕਿਹਾ ਕਿ ਹਾਲੇ ਮਾਹੌਲ ਖ਼ਰਾਬ ਹੈ, ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਸਥਿਤੀ ਨਹੀਂ ਹੈ।