ਨਵੀਂ ਦਿੱਲੀ: ਕਦੇ-ਕਦੇ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਕੁਝ ਸੈਕਿੰਡ ਹੀ ਕਾਫੀ ਹੁੰਦੇ ਹਨ ਤੇ ਕਦੇ ਕੁਝ ਸੈਕਿੰਡ ਦੀ ਦੇਰੀ ਹੀ ਕਿਸੇ ਦੀ ਜਾਨ ‘ਤੇ ਬਣ ਆਉਂਦੀ ਹੈ। ਕਹਿੰਦੇ ਨੇ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਸ ਕਹਿਣੀ ਇੱਕ ਵਾਰ ਫੇਰ ਸੱਚ ਸਾਬਤ ਹੋਈ ਹੈ। ਇਸ ਨੂੰ ਸਾਬਤ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਟਰੇਨ ਪਲੇਟਫਾਰਮ ‘ਤੇ ਆ ਰਹੀ ਹੈ, ਇੱਕ ਆਦਮੀ ਰੇਲ ਦੀਆਂ ਪਟਰੀਆਂ ‘ਤੇ ਡਿੱਗ ਗਿਆ। ਇੱਕ ਵਿਅਕਤੀ ਨੇ ਜਲਦੀ ਹੀ ਉਸ ਨੂੰ ਫੜ ਲਿਆ ਤੇ ਖਿੱਚ ਕੇ ਉਸ ਦੀ ਜਾਨ ਬਚਾਈ।
ਘਟਨਾ ਐਤਵਾਰ ਨੂੰ ਕੈਲੀਫੋਰਨੀਆ ਦੇ ਕੋਲੀਜ਼ੀਅਮ ਸਟੇਸ਼ਨ ‘ਤੇ ਹੋਈ, ਜਦੋਂ ਲੋਕ ਓਕਲੈਂਡ ਰੈੱਡਰਸ ਖੇਡ ਤੋਂ ਬਾਅਦ ਵਾਪਸੀ ਕਰ ਰਹੇ ਸੀ। ਘਟਨਾ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ। ਟ੍ਰਾਂਜਿਟ ਵਰਕਰ ਜੌਨ ਓ’ਕੌਨਰ ਜੋ ਸਟੇਸ਼ਨ ‘ਤੇ ਭੀੜ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ, ਨੇ ਵਿਅਕਤੀ ਦੀ ਜਾਨ ਬਚਾਈ।
ਸੈਨ ਫ੍ਰਾਂਸਿਸਕੋ BART ਨੇ ਵੀਡੀਓ ਨੂੰ ਟਵੀਟ ਕਰ ਪੋਸਟ ਕੀਤਾ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਵਿਅਕਤੀ ਜੌਨ ਦੇ ਕਾਫੀ ਕਰੀਬ ਖੜ੍ਹਿਆ ਸੀ ਤੇ ਜਿਵੇਂ ਹੀ ਟਰੇਨ ਸਾਹਮਣੇ ਡਿੱਗਿਆ ਤਾਂ ਜੌਨ ਨੇ ਕੁੱਦ ਕੇ ਉਸ ਨੂੰ ਵਾਪਸ ਸਟੇਸ਼ਨ ‘ਤੇ ਖਿੱਚ ਲਿਆ।
BART ਦੀ ਰਿਪੋਰਟ ਮੁਤਾਬਕ ਜੋ ਵਿਅਕਤੀ ਡਿੱਗਦਾ ਹੈ, ਉਹ ਨਸ਼ੇ ਦੀ ਹਾਲਤ ‘ਚ ਸੀ ਤੇ ਵੀਡੀਓ ਨੂੰ ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਜੌਨ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।