ਨਵੀਂ ਦਿੱਲੀ: ਪੁਲਿਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਘਪਲੇ ਦੇ ਕੇਸ ਬਾਰੇ ਪੁੱਛਗਿੱਛੀ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਪਰ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਦੀ ਜਾਂਚ ਦੌਰਾਨ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਜੀਕੇ ਖ਼ੁਦ ਚਾਹੁੰਦੇ ਹਨ ਕਿ ਭ੍ਰਿਸ਼ਟਾਚਾਰ ਦੇ ਝੂਠੇ ਇਲਜ਼ਾਮਾਂ ਦਾ ਸੱਚ ਸਾਹਮਣੇ ਆ ਸਕੇ। ਇਸ ਲਈ ਦਿੱਲੀ ਪੁਲਿਸ ਨੂੰ ਕੇਸ ਸਬੰਧੀ ਜੋ ਵੀ ਲੋੜੀਂਦੇ ਦਸਤਾਵੇਜ਼ ਚਾਹੀਦੇ ਸਨ, ਉਨ੍ਹਾਂ ਨੂੰ ਰਿਕਾਰਡ ਦੇ ਦਿੱਤਾ ਗਿਆ ਹੈ।
ਹਾਲਾਂਕਿ, ਵਿਰੋਧੀ ਧਿਰ ਦੇ ਮੈਂਬਰ ਪੁਲਿਸ ਦੇ ਕਮੇਟੀ ਦਫ਼ਤਰ ਵਿੱਚ ਮਾਰੇ ਛਾਪੇ ‘ਤੇ ਇਤਰਾਜ਼ ਜਤਾ ਰਹੇ ਹਨ। ਹਾਲਾਂਕਿ, ਸਿਰਸਾ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਛਾਪਾ ਕਹਿਣ ‘ਤੇ ਇਤਰਾਜ਼ ਜਤਾਇਆ।
ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸਮੇਤ ਕਈਆਂ ‘ਤੇ ਗੁਰਦੁਆਰੇ ਦੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਲਾਏ ਸਨ ਤੇ ਉਨ੍ਹਾਂ ਦੀ ਹੀ ਸ਼ਿਕਾਇਤ ‘ਤੇ ਇਹ ਕੇਸ ਦਰਜ ਹੋਇਆ ਸੀ, ਜਿਸ ਬਾਰੇ ਅੱਜ ਪੁਲਿਸ ਨੇ ਪੁੱਛਗਿੱਛ ਕੀਤੀ ਹੈ।