15 Punjabi boys missing: ਵਸ਼ਿੰਗਟਨ: ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ । ਹੁਣ ਅਮਰੀਕਾ ਦੇ ਦੱਖਣੀ ਮੈਕਸੀਕੋ ਤੇ ਬਹਾਮਾਸ ਨਾਲ ਲੱਗਦੀ ਸਰਹੱਦ ਪਾਰ ਕਰਕੇ ਨਾਜਾਇਜ਼ ਤਰੀਕੇ ਨਾਲ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 15 ਪੰਜਾਬੀ ਨੌਜਵਾਨ ਲਾਪਤਾ ਹੋ ਗਏ ਹਨ । ਮਿਲੀ ਜਾਣਕਾਰੀ ਅਨੁਸਾਰ 56 ਨੌਜਵਾਨ ਦਾ ਇਕ ਸਮੂਹ, ਜਿਸ ਵਿੱਚ 15 ਪੰਜਾਬੀ ਸਨ, ਅਮਰੀਕੀ ਸਰਹੱਦ ਤੋਂ ਮਹਿਜ਼ ਇਕ ਘੰਟੇ ਦੀ ਦੂਰੀ ’ਤੇ ਸਨ ਜਦੋਂ ਮੈਕਸੀਕਨ ਫੌਜ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ।
ਇਸ ਸਬੰਧੀ ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਸੀ । ਚਾਹਲ ਨੇ ਦੱਸਿਆ ਕਿ ਇਨ੍ਹਾਂ ਵਿਚੋਂ 6 ਨੌਜਵਾਨ ਬਹਾਮਸ ਦੀਪ-ਅਮਰੀਕੀ ਸਰਹੱਦ ਪਾਰ ਕਰਦਿਆਂ ਲਾਪਤਾ ਹੋਏ ਅਤੇ 9 ਹੋਰ ਮੈਕਸੀਕੋ-ਅਮਰੀਕਾ ਸਰਹੱਦ ਪਾਰ ਕਰਦਿਆਂ ਗੁਆਚ ਗਏ । ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਸੈਨਾ ਨੇ 6 ਪੰਜਾਬੀਆਂ ਨੂੰ ਹਿਰਾਸਤ ਵਿੱਚ ਲੈ ਕੇ ਬਾਅਦ ਵਿੱਚ ਛੱਡ ਦਿੱਤਾ ਜੋ ਅਮਰੀਕਾ ਪਹੁੰਚ ਗਏ, ਪਰ 11 ਨੌਜਵਾਨਾਂ ਦਾ ਅਜੇ ਵੀ ਕੁਝ ਨਹੀਂ ਪਤਾ ਚੱਲ ਸਕਿਆ ।
ਸੂਤਰਾਂ ਅਨੁਸਾਰ ਦਿੱਲੀ ਦੇ ਇੱਕ ਏਜੰਟ ਨੇ ਹਰੇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਸਾਢੇ 19 ਲੱਖ ਰੁਪਏ ਲਏ ਹਨ । ਮੈਕਸੀਕੋ ਪੁੱਜਣ ਦੇ ਬਾਅਦ ਪਰਿਵਾਰਾਂ ਦੀ ਆਪਣੇ ਬੱਚਿਆਂ ਨਾਲ ਕਦੇ ਗੱਲ ਨਹੀਂ ਹੋਈ । ਚਾਹਲ ਨੇ ਦੋਸ਼ ਲਗਾਇਆ ਕਿ ਏਜੰਟਾਂ ਨੇ ਉਨ੍ਹਾਂ ਤੋਂ ਇਸ ਬਹਾਨੇ ਨਾਲ ਸਾਰੇ ਪੈਸੇ ਲੈ ਲਏ ਕਿ ਟੈਕਸਾਸ ਅਤੇ ਫਲੋਰਿਡਾ ਦੇ ਹਿਰਾਸਤੀ ਕੇਂਦਰਾਂ ਵਿੱਚ ਇਹ ਵਾਪਸ ਕਰ ਦਿੱਤੇ ਜਾਣਗੇ ।