Muzaffarnagar wedding dispute: ਮੁਜ਼ੱਫਰਨਗਰ: ਅਕਸਰ ਹੀ ਵਿਆਹਾਂ ਵਿੱਚ ਲਾੜੀ ਪਰਿਵਾਰ ਵਲੋਂ ਮਜ਼ਾਕ ਵਾਲੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ । ਵਿਆਹ ਮੌਕੇ ਲਾੜੀ ਦੀਆਂ ਭੈਣਾਂ ਲਾੜੇ ਨਾਲ ਮਜ਼ਾਕ ਕਰ ਕੇ ਵਿਆਹ ਵਿੱਚ ਰੰਗ ਬੰਨ੍ਹਦੀਆਂ ਹਨ । ਅਕਸਰ ਹੀ ਵਿਆਹਾਂ ਵਿੱਚ ਜੁੱਤੀ ਲੁਕਾਉਣ ਦੀ ਰਸਮ ਦੇਖੀ ਜਾਂਦੀ ਹੈ । ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹੋ ਰਹੇ ਵਿਆਹ ਵਿੱਚ ਇਸ ਰਸਮ ਦੌਰਾਨ ਕੁਝ ਅਜਿਹਾ ਹੋਇਆ ਕਿ ਵਿਆਹ ਹੀ ਟੁੱਟ ਗਿਆ ।
ਇਸ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਲਾੜੇ ਨੇ ਲਾੜੀ ਪੱਖ ਦੀਆਂ ਕੁਝ ਔਰਤਾਂ ਨੂੰ ਅਪਸ਼ਬਦ ਆਖੇ, ਜਿਸ ਤੋਂ ਬਾਅਦ ਬਾਰਾਤ ਵਾਪਸ ਚਲੀ ਗਈ । ਦਰਅਸਲ, ਇਹ ਘਟਨਾ ਮੁਜ਼ੱਫਰਨਗਰ ਦੇ ਭੋਰਾ ਕਲਾਂ ਦੀ ਹੈ । ਜਿੱਥੇ ਹੋ ਰਹੇ ਵਿਆਹ ਵਿੱਚ ਜੁੱਤੀ ਲੁਕਾਉਣ ਦੀ ਰਸਮ ਚੱਲ ਰਹੀ ਸੀ । ਜਿੱਥੇ ਇਸ ਰਸਮ ਦੌਰਾਨ ਲਾੜੀ ਪੱਖ ਵਲੋਂ ਕੁੜੀਆਂ ਨੇ ਜੁੱਤੀ ਲੁਕਾ ਲਈ ਅਤੇ ਇਸ ਨੂੰ ਵਾਪਸ ਕਰਨ ਲਈ ਪੈਸਿਆਂ ਦੀ ਮੰਗ ਕੀਤੀ । ਪੈਸਿਆਂ ਦੀ ਇਸ ਮੰਗ ‘ਤੇ ਲਾੜਾ ਰਾਜ਼ੀ ਨਹੀਂ ਹੋਇਆ ਅਤੇ ਕੁੜੀ ਵਾਲਿਆਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ।
ਜਦੋਂ ਲਾੜੀ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਵਿਆਹ ਤੋੜ ਦਿੱਤਾ । ਮਿਲੀ ਜਾਣਕਾਰੀ ਅਨੁਸਾਰ ਜਦੋਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੜਕ ਗਿਆ ਤੇ ਲਾੜੇ ਨੇ ਅਪਸ਼ਬਦ ਬੋਲਦੇ ਹੋਏ ਇਕ ਸ਼ਖਸ ਨੂੰ ਥੱਪੜ ਤਕ ਮਾਰ ਦਿੱਤਾ । ਜਿਸ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਨੇ ਵਿਆਹ ਤੋੜਨ ਦਾ ਫੈਸਲਾ ਲੈ ਲਿਆ ।
ਦੱਸ ਦੇਈਏ ਕਿ ਲਾੜੇ ਦੇ ਪਰਿਵਾਰ ਨੂੰ ਦਾਜ ਵਿੱਚ ਲਏ 10 ਲੱਖ ਰੁਪਏ ਵਾਪਸ ਕਰਨ ਦੀ ਗੱਲ ਮੰਨਣ ਤੋਂ ਬਾਅਦ ਹੀ ਵਾਪਿਸ ਪਰਤਣ ਦੀ ਇਜਾਜ਼ਤ ਮਿਲ ਸਕੀ । ਦੱਸਿਆ ਜਾ ਰਿਹਾ ਹੈ ਕਿ ਲਾੜਾ ਦਿੱਲੀ ਦੇ ਨਾਂਗਲੋਈ ਇਲਾਕੇ ਦੀ ਇੱਕ ਨਿਜੀ ਕੰਪਨੀ ਵਿੱਚ ਕੰਮ ਕਰਦਾ ਹੈ ।