PreetNama
ਖੇਡ-ਜਗਤ/Sports News

ਜੂਨੀਅਰ ਸੰਸਾਰ ਹਾਕੀ ਕੱਪ ਦੇ ਗਹਿਗੱਚ ਮੁਕਾਬਲੇ

ਸੀਨੀਅਰ ਵਿਸ਼ਵ ਹਾਕੀ ਕੱਪ ਕਰਵਾਉਣ ਦਾ ਫੁਰਨਾ ਪਾਕਿਸਤਾਨ ਦੇ ਏਅਰ ਚੀਫ ਮਾਰਸ਼ਲ ਨੂਰ ਖ਼ਾਨ ਨੂੰ ਫੁਰਿਆ ਸੀ। ਉਸ ਨੇ ਐੱਫਆਈਐੱਚ ਨੂੰ ਦਿੱਤੇ ਤਰਕ ’ਚ ਕਿਹਾ ਸੀ ਕਿ ਕਿਉਂ ਨਾ ਵਿਸ਼ਵ ਫੁੱਟਬਾਲ ਕੱਪ ਦੀ ਤਰਜ਼ ’ਤੇ ਹਾਕੀ ਨੂੰ ਵੀ ਆਲਮੀ ਹਾਕੀ ਕੱਪ ਦੀ ਲੜੀ ’ਚ ਪਰੋਇਆ ਜਾਵੇ। ਸੀਨੀਅਰ ਵਿਸ਼ਵ ਹਾਕੀ ਕੱਪ ਤੋਂ ਪਹਿਲਾਂ ਆਲਮੀ ਪੱਧਰ ’ਤੇ ਹਾਕੀ ਦੇ ਸਿਰਫ਼ ਦੋ ਹੀ ਮੁਕਾਬਲੇ ਓਲੰਪਿਕ ਹਾਕੀ ਤੇ ਏਸ਼ਿਆਈ ਹਾਕੀ ਟੂਰਨਾਮੈਂਟ ਖੇਡੇ ਜਾਂਦੇ ਸਨ। ਨੂਰ ਖ਼ਾਨ ਦੀ ਆਲਮੀ ਹਾਕੀ ਪ੍ਰਤੀ ਸੋਚ ’ਤੇ ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ (ਐੱਫਆਈਐੱਚ) ਵੱਲੋਂ 26 ਅਕਤੂਬਰ 1969 ’ਚ ਮਨਜ਼ੂਰੀ ਦੀ ਮੋਹਰ ਲਾਈ ਗਈ। ਪਲੇਠਾ ਸੰਸਾਰ ਸੀਨੀਅਰ ਵਿਸ਼ਵ ਹਾਕੀ ਕੱਪ 1971 ’ਚ ਪਾਕਿਸਤਾਨ ’ਚ ਕਰਵਾਉਣ ਦੀ ਤਿਆਰੀ ਕੀਤੀ ਜਾਣ ਲੱਗੀ ਪਰ ਬੰਗਲਾਦੇਸ਼ ਦੀ ਵੰਡ ਸਮੇਂ ਭਾਰਤ-ਪਾਕਿਸਤਾਨ ਦਰਮਿਆਨ ਹੋਈ ਜੰਗ ਨੇ ਪਾਕਿਸਤਾਨ ਦੀ ਮੇਜ਼ਬਾਨੀ ’ਤੇ ਬ੍ਰੇਕ ਲਾ ਦਿੱਤੀ, ਜਿਸ ਕਰਕੇ ਐੱਫਆਈਐੱਚ ਵੱਲੋਂ ਬਾਰਸੀਲੋਨਾ 1971 ਦੇ ਪਹਿਲੇ ਵਿਸ਼ਵ ਹਾਕੀ ਕੱਪ ਦੀ ਮੇਜ਼ਬਾਨੀ ਸਪੇਨ ਨੂੰ ਸੌਂਪ ਦਿੱਤੀ ਗਈ। ਸੀਨੀਅਰ ਵਰਲਡ ਹਾਕੀ ਕੱਪ ਦਾ ਆਗ਼ਾਜ਼ ਜਿਸ ਤਰ੍ਹਾਂ 1971 ’ਚ ਹੋਇਆ ਸੀ, ਉਸੇ ਤਰਜ਼ ’ਤੇ ਜੂਨੀਅਰ ਵਿਸ਼ਵ ਹਾਕੀ ਕੱਪ ਦੀ ਸ਼ੁਰੂਆਤ ਫਰਾਂਸ ਤੋਂ 1979 ’ਚ ਕੀਤੀ ਗਈ ਸੀ। ਗੱਲ ਕਰਦੇ ਹਾਂ ਹੁਣ ਤਕ ਹੋਏ ਜੂਨੀਅਰ ਹਾਕੀ ਵਰਲਡ ਕੱਪ ਬਾਰੇ।

ਹਾਕੀ ਕੱਪ ਵਰਸੇਲਜ਼- 1979

ਫਰਾਂਸ ਦੇ ਹਾਕੀ ਮੈਦਾਨਾਂ ’ਤੇ ਖੇਡੇ ਗਏ ਪਹਿਲੇ ਜੂਨੀਅਰ ਵਿਸ਼ਵ ਹਾਕੀ ਕੱਪ ’ਚ ਜਿੱਤਣ ਦੀ ਖਿਤਾਬੀ ਦੌੜ ’ਚ 12 ਟੀਮਾਂ ਸ਼ਾਮਲ ਹੋਈਆਂ। ਪੂਲ-ਏ ’ਚ ਮੇਜ਼ਬਾਨ ਫਰਾਂਸ ਤੋਂ ਇਲਾਵਾ ਭਾਰਤ, ਨੀਦਰਲੈਂਡ, ਸਪੇਨ, ਚਿੱਲੀ ਤੇ ਮਲੇਸ਼ੀਆ ਦੇ ਖਿਡਾਰੀਆਂ ’ਚ ਖਿਤਾਬ ਜਿੱਤਣ ਲਈ ਜ਼ਬਰਦਸਤ ਭੇੜ ਹੋਇਆ ਜਦਕਿ ਪੂਲ-ਬੀ ’ਚ ਪਾਕਿਸਤਾਨ, ਜਰਮਨੀ, ਆਇਰਲੈਂਡ, ਸਿੰਘਾਪੁਰ, ਘਾਨਾ ਤੇ ਅਰਜਨਟੀਨਾ ਦੇ ਖਿਡਾਰੀਆਂ ’ਚ ਚੈਂਪੀਅਨ ਬਣਨ ਲਈ ਜ਼ੋਰ-ਅਜ਼ਮਾਈ ਹੋਈ ਪਰ ਜਰਮਨੀ ਦੀ ਟੀਮ ਨੂੰ ਫਾਈਨਲ ’ਚ 2-1 ਨਾਲ ਹਰਾਉਣ ਸਦਕਾ ਜਿੱਤ ਦਾ ਗਾਨਾ ਪਾਕਿਸਤਾਨੀ ਖਿਡਾਰੀਆਂ ਦੇ ਗੁੱਟਾਂ ’ਤੇ ਬੰਨ੍ਹਿਆ ਗਿਆ। ਪਹਿਲੇ ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਬਣੀ ਪਾਕਿਸਤਾਨੀ ਟੀਮ ਨੇ ਪਹਿਲਾ ਰੈਂਕ ਹਾਸਲ ਕਰਨ ਲਈ ਆਇਰਲੈਂਡ ਨੂੰ 6-2, ਸਿੰਘਾਪੁਰ ਨੂੰ 5-0, ਅਰਜਨਟੀਨਾ ਨੂੰ 5-1, ਜਰਮਨੀ ਨੂੰ 4-1 ਤੇ ਘਾਨਾ ਨੂੰ 3-0 ਗੋਲ ਅੰਤਰ ਨਾਲ ਹਰਾਉਣ ਤੋਂ ਬਾਅਦ ਸੈਮੀਫਾਈਨਲ ’ਚ ਮਲੇਸ਼ੀਆ ਨੂੰ 4-2 ਨਾਲ ਮਾਤ ਦਿੰਦਿਆਂ ਫਾਈਨਲ ਖੇਡਣ ਦਾ ਟਿਕਟ ਕਟਾਇਆ। ਪਾਕਿਸਤਾਨੀ ਖਿਡਾਰੀਆਂ ਨੇ ਜਰਮਨੀ ਦੀ ਟੀਮ ਨੂੰ 2-0 ਗੋਲ ਦੇ ਅੰਤਰ ਨਾਲ ਉਪ-ਜੇਤੂ ਰਹਿਣ ਲਈ ਮਜਬੂਰ ਕਰਦਿਆਂ ਜੂਨੀਅਰ ਵਿਸ਼ਵ ਹਾਕੀ ਕੱਪ ਦੀ ਪਲੇਠੀ ਜਿੱਤ ਦਾ ਸੁਆਦ ਚੱਖਿਆ।

ਹਾਕੀ ਕੱਪ ਕੁਆਲਾਲੰਪੁਰ 1982

ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ’ਚ 15 ਤੋਂ 28 ਅਗਸਤ ਤਕ ਖੇਡੇ ਗਏ ਜੂਨੀਅਰ ਵਿਸ਼ਵ ਹਾਕੀ ਕੱਪ ਜਿੱਤਣ ਦੀ ਦੌੜ ’ਚ 11 ਦੇਸ਼ਾਂ ਦੀਆਂ ਹਾਕੀ ਟੀਮਾਂ ਸ਼ੁਮਾਰ ਹੋਈਆਂ। ਪੂਲ-ਏ ’ਚ ਡਿਫੈਂਡਿੰਗ ਚੈਂਪੀਅਨ ਪਾਕਿਸਤਾਨੀ ਟੀਮ ਤੋਂ ਇਲਾਵਾ ਮੇਜ਼ਬਾਨ ਮਲੇਸ਼ੀਆ, ਨੀਦਰਲੈਂਡ, ਸਪੇਨ ਤੇ ਨਿਊਜ਼ੀਲੈਂਡ ਦੀਆਂ ਟੀਮਾਂ ’ਚ ਖਿਤਾਬੀ ਜਿੱਤ ਹਾਸਲ ਕਰਨ ’ਚ ਜ਼ੋਰ-ਅਜ਼ਮਾਈ ਹੋਈ ਜਦਕਿ ਪੂਲ-ਬੀ ’ਚ ਜਰਮਨੀ, ਭਾਰਤ, ਆਸਟਰੇਲੀਆ, ਕੈਨੇਡਾ, ਕੀਨੀਆ ਤੇ ਸਿੰਘਾਪੁਰ ਦੀਆਂ ਟੀਮਾਂ ਦੇ ਖਿਡਾਰੀਆਂ ਵੱਲੋਂ ਜਿੱਤ ਹਾਸਲ ਕਰਨ ਲਈ ਪੂਰਾ ਤਾਣ ਲਾਇਆ ਗਿਆ। ਪਹਿਲੇ ਜੂਨੀਅਰ ਵਿਸ਼ਵ ਹਾਕੀ ਕੱਪ ਦੀ ਉਪ-ਜੇਤੂ ਟੀਮ ਜਰਮਨੀ ਦੇ ਖਿਡਾਰੀਆਂ ਨੇ ਆਸਟਰੇਲੀਆ ਦੇ ਖਿਡਾਰੀਆਂ ਨੂੰ 4-1 ਗੋਲ ਦੇ ਸਪੱਸ਼ਟ ਅੰਤਰ ਨਾਲ ਹਰਾ ਕੇ ਜਿੱਤ ਦਾ ਆਨੰਦ ਮਾਣਿਆ। ਡਿਫੈਂਡਿੰਗ ਚੈਂਪੀਅਨ ਪਾਕਿਸਤਾਨੀ ਟੀਮ ਨੇ ਮੇਜ਼ਬਾਨ ਮਲੇਸ਼ੀਆ ਦੇ ਖਿਡਾਰੀਆਂ ਨੂੰ ਹਾਰ ਦੇ ਰਾਹ ’ਤੇ ਤੋਰਦਿਆਂ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਵੈਨਕੂਵਰ-1985

ਕੈਨੇਡਾ ਦੇ ਸੁੰਦਰ ਸਿਟੀ ਵੈਨਕੂਵਰ ’ਚ ਕੁੱਲ ਆਲਮ ਦੀਆਂ ਮੰਨੀਆਂ-ਪ੍ਰਮੰਨੀਆਂ 14 ਜੂਨੀਅਰ ਹਾਕੀ ਟੀਮਾਂ ਦਰਮਿਆਨ 10 ਤੋਂ 24 ਅਗਸਤ ਤਕ ਖੇਡੇ ਗਏ ਤੀਜੇ ਜੂਨੀਅਰ ਵਰਲਡ ਹਾਕੀ ਕੱਪ ’ਚ ਜਰਮਨੀ ਦੇ ਜੂਨੀਅਰ ਹਾਕੀ ਖਿਡਾਰੀਆਂ ਨੇ ਲਗਾਤਾਰ ਤੀਜਾ ਫਾਈਨਲ ਖੇਡਣ ਸਦਕਾ ਦੂਜੀ ਵਾਰ ਜਿੱਤ ਦਾ ਝੰਡਾ ਲਹਿਰਾਇਆ। ਜੂਨੀਅਰ ਆਲਮੀ ਵਿਸ਼ਵ ਹਾਕੀ ਕੱਪ ਦੇ ਗਰੁੱਪ-ਏ ’ਚ ਜਰਮਨੀ, ਨੀਦਰਲੈਂਡ, ਭਾਰਤ, ਅਰਜਨਟੀਨਾ, ਜ਼ਿੰਬਾਬਵੇ, ਬੈਲਜੀਅਮ ਤੇ ਚਿੱਲੀ ਦੀਆਂ ਟੀਮਾਂ ਦਰਮਿਆਨ ਗਹਿਗੱਚ ਮੁਕਾਬਲੇ ਹੋਏ ਜਦਕਿ ਗਰੁੱਪ-ਬੀ ’ਚ ਮੇਜ਼ਬਾਨ ਦੇਸ਼ ਕੈਨੇਡਾ ਦੀ ਟੀਮ ਤੋਂ ਇਲਾਵਾ ਪਾਕਿਸਤਾਨ, ਇੰਗਲੈਂਡ, ਆਸਟਰੇਲੀਆ, ਫਰਾਂਸ, ਮਲੇਸ਼ੀਆ ਤੇ ਮਿਸਰ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਅਗਲੇ ਗੇੜ ’ਚ ਪਹੁੰਚਣ ਲਈ ਖ਼ੂਨ-ਪਸੀਨਾ ਇਕ ਕੀਤਾ। ਜਰਮਨੀ ਦੇ ਖਿਡਾਰੀਆਂ ਨੇ ਲਗਾਤਾਰ ਜੂਨੀਅਰ ਆਲਮੀ ਹਾਕੀ ਕੱਪ ਦੇ ਚੌਥੇ ਫਾਈਨਲ ’ਚ ਸ਼ਿਰਕਤ ਕਰ ਕੇ ਨੀਦਰਲੈਂਡ ਦੇ ਡੱਚ ਖਿਡਾਰੀਆਂ ਨੂੰ 4-1 ਗੋਲ ਅੰਤਰ ਨਾਲ ਰੌਂਦ ਕੇ ਜਿੱਤਾਂ ਦੀ ਹੈਟਿ੍ਰਕ ਪੂਰੀ ਕੀਤੀ। ਪਾਕਿਸਤਾਨ ਨੇ ਆਸਟਰੇਲੀਆ ਨੂੰ ਚੌਥੇ ਸਥਾਨ ’ਤੇ ਪਛਾੜ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਭਾਰਤ ਨੂੰ ਲਗਾਤਾਰ ਤੀਜੀ ਵਾਰ 5ਵਾਂ ਰੈਂਕ, ਇੰਗਲੈਂਡ ਨੂੰ 6ਵਾਂ, ਅਰਜਨਟੀਨਾ ਨੂੰ 7ਵਾਂ, ਫਰਾਂਸ ਨੂੰ 8ਵਾਂ, ਜ਼ਿੰਬਾਬਵੇ ਨੂੰ 9ਵਾਂ, ਮਲੇਸ਼ੀਆ ਨੂੰ 10ਵਾਂ, ਬੈਲਜੀਅਮ ਨੂੰ 11ਵਾਂ, ਮਿਸਰ ਨੂੰ 12ਵਾਂ, ਕੈਨੇਡਾ ਨੂੰ 13ਵਾਂ ਤੇ ਚਿੱਲੀ ਨੂੰ 14ਵਾਂ ਭਾਵ ਆਖ਼ਰੀ ਰੈਂਕ ਨਸੀਬ ਹੋਇਆ।

ਹਾਕੀ ਕੱਪ ਇਪੋਹ- 1989

ਮਲੇਸ਼ੀਆ ਦੇ ਸ਼ਹਿਰ ਇਪੋਹ ਦੇ ਅਜ਼ਲਾਨ ਸ਼ਾਹ ਹਾਕੀ ਸਟੇਡੀਅਮ ’ਚ ਖੇਡੇ ਗਏ ਚੌਥੇ ਜੂਨੀਅਰ ਹਾਕੀ ਵਰਲਡ ਕੱਪ ’ਚ ਕੁੱਲ ਆਲਮ ਦੀਆਂ 12 ਟੀਮਾਂ ਨੇ ਖਿਤਾਬ ਜਿੱਤਣ ਲਈ ਜ਼ੋਰ-ਅਜ਼ਮਾਈ ਹੋਈ। ਜਿੱਤ ਦਾ ਗੁਣਾ ਜਰਮਨੀ ਦੀ ਟੀਮ ’ਤੇ ਪਿਆ, ਜਿਸ ਨੇ ਨਿਯਮਤ ਸਮੇਂ ’ਚ ਆਸਟਰੇਲੀਆ ਨਾਲ 1-1 ਗੋਲ ਡਰਾਅ ਖੇਡਣ ਤੋਂ ਬਾਅਦ ਪੈਨਲਟੀ ਸਟਰੋਕ ਰਾਹੀਂ 4-2 ਗੋਲਾਂ ਨਾਲ ਖਿਤਾਬ ’ਤੇ ਕਬਜ਼ਾ ਜਮਾਇਆ। ਪਾਕਿਸਤਾਨੀ ਟੀਮ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ।

ਹਾਕੀ ਕੱਪ ਟੈਰੇਸਾ -1993

ਸਪੇਨ ਦੇ ਸ਼ਹਿਰ ਟੈਰੇਸਾ ਦੇ ਹਾਕੀ ਮੈਦਾਨ ’ਤੇ ਖੇਡੇ ਗਏ ਜੂਨੀਅਰ ਵਰਲਡ ਕੱਪ ’ਚ 12 ਦੇਸ਼ਾਂ ਦੇ ਖਿਡਾਰੀ ਖਿਤਾਬ ਜਿੱਤਣ ਲਈ ਆਹਮੋ-ਸਾਹਮਣੇ ਹੋਏ। ਐੱਫਆਈਐੱਚ ਦੇ ਪ੍ਰਬੰਧਕਾਂ ਵੱਲੋਂ ਪੂਲ-ਏ ’ਚ ਜਰਮਨੀ, ਨੀਦਰਲੈਂਡ, ਇੰਗਲੈਂਡ, ਕਿਊਬਾ, ਮਿਸਰ ਤੇ ਮਲੇਸ਼ੀਆ ’ਚ ਸੈਮੀਫਾਈਨਲ ਖੇਡਣ ਲਈ ਮੈਚ ਖਿਡਾਏ ਗਏ ਜਦਕਿ ਪੂਲ-ਬੀ ’ਚ ਪਾਕਿਸਤਾਨ, ਆਸਟਰੇਲੀਆ, ਅਰਜਨਟੀਨਾ, ਦੱਖਣੀ ਕੋਰੀਆ ਤੇ ਸਕਾਟਲੈਂਡ ਦੀਆਂ ਟੀਮਾਂ ’ਚ ਤਕੜਾ ਭੇੜ ਹੋਇਆ। ਜਰਮਨੀ, ਨੀਦਰਲੈਂਡ, ਆਸਟਰੇਲੀਆ ਤੇ ਪਾਕਿਸਤਾਨ ਦੀਆਂ ਟੀਮਾਂ ਵੱਲੋਂ ਸੈਮੀਫਾਈਨਲ ਖੇਡਣ ਲਈ ਟਿਕਟ ਕਟਾਏ ਗਏ। ਜਰਮਨੀ ਤੇ ਆਸਟਰੇਲੀਆ ਦਰਮਿਆਨ ਖੇਡੇ ਗਏ ਫਾਈਨਲ ’ਚ ਜਰਮਨੀ ਦੇ ਖਿਡਾਰੀਆਂ ਨੇ 2-0 ਗੋਲ ਅੰਤਰ ਨਾਲ ਹਰਾ ਕੇ ਚੌਥੀ ਵਾਰ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਤੀਜੀ-ਚੌਥੀ ਪੁਜ਼ੀਸ਼ਨ ਲਈ ਪਾਕਿਸਤਾਨ ਨੇ ਹਾਲੈਂਡ ਨੂੰ 4-3 ਤਿੰਨ ਨਾਲ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਮਿਲਟਨ ਕੀਨੇਸ-1996-97

ਇੰਗਲੈਂਡ ਦੇ ਸ਼ਹਿਰ ਮਿਲਟਨ ਕੀਨੇਸ਼ ’ਚ 12 ਹਾਕੀ ਟੀਮਾਂ ਦਰਮਿਆਨ ਖੇਡੇ ਗਏ ਜੂਨੀਅਰ ਆਲਮੀ ਹਾਕੀ ਕੱਪ ’ਚ ਇੰਡੀਆ ਦੀ ਜੂਨੀਅਰ ਕੌਮੀ ਹਾਕੀ ਟੀਮ ਪਹਿਲੀ ਵਾਰ ਫਾਈਨਲ ਦਾ ਟਿਕਟ ਕਟਾਉਣ ’ਚ ਸਫਲ ਹੋਈ ਸੀ ਪਰ ਆਸਟਰੇਲੀਆ ਨਾਲ ਖੇਡੇ ਗਏ ਫਸਵੇਂ ਖਿਤਾਬੀ ਮੈਚ ’ਚ ਇੰਡੀਅਨ ਟੀਮ 3-2 ਗੋਲ ਅੰਤਰ ਨਾਲ ਫਾਈਨਲ ਹਾਰਨ ਸਦਕਾ ਚਾਂਦੀ ਦਾ ਕੱਪ ਜਿੱਤਣ ’ਚ ਕਾਮਯਾਬ ਹੋਈ ਸੀ। ਪਹਿਲੀ ਵਾਰ ਉਪ-ਜੇਤੂ ਬਣਨ ਵਾਲੀ ਕੌਮੀ ਹਾਕੀ ਟੀਮ ਦਾ ਕਪਤਾਨ ਬਲਜੀਤ ਸਿੰਘ ਸੈਣੀ ਸੀ। ਇੰਗਲੈਂਡ ਦੇ ਮੈਦਾਨ ’ਚ ਖੇਡੇ ਗਏ ਜੂਨੀਅਰ ਆਲਮੀ ਹਾਕੀ ਕੱਪ ਦੇ ਗਰੁੱਪ-ਏ ਆਸਟਰੇਲੀਆ, ਭਾਰਤ, ਸਪੇਨ, ਨੀਦਰਲੈਂਡ, ਬੈਲਜੀਅਮ ਤੇ ਕਿਊਬਾ ਦੀਆਂ ਟੀਮਾਂ ਇਕ-ਦੂਜੀ ਟੀਮ ਦੇ ਆਹਮੋ-ਸਾਹਮਣੇ ਹੋਈਆਂ ਜਦਕਿ ਪੂਲ-ਬੀ ’ਚ ਮੇਜ਼ਬਾਨ ਇੰਗਲੈਂਡ ਦੀ ਟੀਮ ਤੋਂ ਇਲਾਵਾ ਡਿਫੈਂਡਿੰਗ ਚੈਂਪੀਅਨ ਜਰਮਨੀ, ਪਾਕਿਸਤਾਨ, ਅਰਜਨਟੀਨਾ, ਮਿਸਰ ਤੇ ਜਪਾਨ ਦੀਆਂ ਟੀਮਾਂ ਵਿਚਕਾਰ ਸੈਮੀਫਾਈਨਲ ਦੇ ਦਰ ’ਤੇ ਜਾਣ ਲਈ ਗਹਿਗੱਚ ਮੁਕਾਬਲਾ ਹੋਇਆ। ਆਸਟਰੇਲੀਆ ਨੇ ਪਹਿਲੀ ਵਾਰ ਜੂਨੀਅਰ ਵਿਸ਼ਵ ਹਾਕੀ ਕੱਪ ’ਤੇ ਕਬਜ਼ਾ ਕੀਤਾ ਜਦਕਿ ਪਿਛਲੇ ਦੋ ਜੂਨੀਅਰ ਟੂਰਨਾਮੈਂਟ ਨਾਲ ਖੇਡਣ ਵਾਲੀ ਭਾਰਤੀ ਟੀਮ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ ’ਚ ਜਰਮਨੀ ਨੇ ਮੇਜ਼ਬਾਨ ਟੀਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਹੋਬਰਟ-2001

16 ਹਾਕੀ ਟੀਮਾਂ ਦੇ ਜੂਨੀਅਰ ਖਿਡਾਰੀਆਂ ਦਰਮਿਆਨ 9 ਤੋਂ 21 ਅਕਤੂਬਰ ਤਕ ਖੇਡੇ ਗਏ ਵਰਲਡ ਕੱਪ ’ਚ ਭਾਰਤੀ ਟੀਮ ਵਲੋਂ ਅਰਜਨਟੀਨੀ ਹਾਕੀ ਟੀਮ ਨੂੰ 6-1 ਗੋਲ ਅੰਤਰ ਨਾਲ ਮਾਤ ਦਿੱਤੀ ਗਈ। ਪਲੇਠਾ ਜੂਨੀਅਰ ਸੰਸਾਰ ਹਾਕੀ ਕੱਪ ਦੀ ਜੇਤੂ ਜੂਨੀਅਰ ਹਾਕੀ ਟੀਮ ਦਾ ਕਪਤਾਨ ਓਲੰਪੀਅਨ

ਹਰਮੀਕ ਸਿੰਘ ਦਾ ਭਤੀਜਾ ਤੇ ਓਲੰਪੀਅਨ ਅਜੀਤ ਸਿੰਘ ਦਾ ਪੁੱਤਰ ਗਗਨਅਜੀਤ ਸਿੰਘ ਸੀ।

ਜੇਤੂ ਟੀਮ ਦਾ ਸੈਂਟਰ ਸਟਰਾਈਕਰ ਦੀਪਕ ਠਾਕੁਰ 12 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਰਿਹਾ। ਚਾਰ ਗਰੁੱਪਾਂ ’ਚ ਵੰਡੀਆਂ ਗਈਆਂ 16 ਟੀਮਾਂ ’ਚ ਜੂਨੀਅਰ ਵਿਸ਼ਵ ਹਾਕੀ ਚੈਂਪੀਅਨ ਇੰਡੀਅਨ ਟੀਮ ਤੋਂ ਇਲਾਵਾ ਉਪ-ਜੇਤੂ ਅਰਜਨਟੀਨਾ ਤੋਂ ਬਾਅਦ ਜਰਮਨੀ ਨੇ ਇੰਗਲੈਂਡ ਦੇ ਗੋਰੇ ਖਿਡਾਰੀਆਂ ਨੂੰ ਚੌਥੇ ਰੈਂਕ ’ਤੇ ਧੱਕਦਿਆਂ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਰੋਟਰਡਮ-2005

ਨੀਦਰਲੈਂਡ ਦੇ ਸ਼ਹਿਰ ਰੋਟਰਡਮ ਦੇ ਮੈਦਾਨਾਂ ’ਚ 16 ਟੀਮਾਂ ਵਿਚਕਾਰ 29 ਜੂਨ ਤੋਂ 10 ਜੁਲਾਈ ਤਕ ਖੇਡੇ ਗਏ ਜੂਨੀਅਰ ਸੰਸਾਰ ਹਾਕੀ ਕੱਪ ’ਚ ਅਰਜਨਟੀਨਾ ਦੇ ਖਿਡਾਰੀਆਂ ਨੇ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ-ਵਿਆਪੀ ਹਾਕੀ ਜਿੱਤ ਦਾ ਸਵਾਦ ਚੱਖਿਆ। ਜੇਤੂ ਟੀਮ ਦੇ ਲੁਕਾਸ ਵਿਲਾ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਮੈਕਸੀਕੋ ਦੀ ਜੂਨੀਅਰ ਹਾਕੀ ਟੀਮ ਨੂੰ ਸਾਫ-ਸੁਥਰੀ ਗੇਮ ਖੇਡਣ ਸਦਕਾ ‘ਫੇਅਰ ਪਲੇਅ ਹਾਕੀ ਟਰਾਫੀ’ ਦਾ ਮਾਣ ਦਿੱਤਾ ਗਿਆ। ਹਾਕੀ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ 15 ਗੋਲ ਸਕੋਰ ਕਰਨ ਵਾਲੇ ਕੋਲਿਨ ਹੇਨੈਸੀ ਨੂੰ ‘ਟਾਪ ਸਕੋਰਰ’ ਦਾ ਹੱਕ ਹਾਸਲ ਹੋਇਆ। ਖਿਤਾਬ ਜੇਤੂ ਅਰਜਨਟੀਨਾ ਤੇ ਉਪ-ਜੇਤੂ ਆਸਟਰੇਲੀਆ ਤੋਂ ਇਲਾਵਾ ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਗਏ ਮੈਚ ਸਪੇਨ ਨੇ ਭਾਰਤ ਨੂੰ ਚੌਥੇ ਸਥਾਨ ਲਈ ਮਜਬੂਰ ਕਰਦਿਆਂ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਲਖਨਊ-2016

ਮੇਜ਼ਬਾਨ ਭਾਰਤ ਦੀ ਜੂਨੀਅਰ ਕੌਮੀ ਹਾਕੀ ਟੀਮ ਵਲੋਂ ਘਰੇਲੂ ਮੈਦਾਨਾਂ ’ਤੇ ਜਿੱਤ ਦਾ ਗਾਨਾ ਆਪਣੇ ਹੱਥਾਂ ’ਤੇ ਬੰਨ੍ਹਵਾਇਆ ਗਿਆ। ਜੇਤੂ ਟੀਮ ਦੀ ਕਮਾਨ ਹਰਜੀਤ ਸਿੰਘ ਦੇ ਹੱਥਾਂ ’ਚ ਸੀ, ਜਿਹੜਾ ਕੁਰਾਲੀ ਨੇੜਲੇ ਪਿੰਡ ਨਿਊਲਕਾ ਦਾ ਵਸਨੀਕ ਹੈ। ਦੇਸ਼ ਦੇ ਘਰੇਲੂ ਮੈਦਾਨਾਂ ’ਤੇ ਲਖਨਊ ’ਚ ਖੇਡੇ ਵਿਸ਼ਵ ਹਾਕੀ ਕੱਪ ’ਚ ਦੂਜੀ ਵਾਰ ਚੈਂਪੀਅਨ ਬਣੀ ਭਾਰਤ

ਦੀ ਹਾਕੀ ਟੀਮ ਦੀ ਜਿੱਤ ’ਚ ਮੋਹਰੀ ਰੋਲ ਪੰਜਾਬੀ ਖਿਡਾਰੀਆਂ ਵੱਲੋਂ ਨਿਭਾਇਆ ਗਿਆ। ਆਸਟਰੇਲੀਆ ਨਾਲ ਖੇਡੇ ਗਏ ਸੈਮੀਫਾਈਨਲ ’ਚ ਭਾਰਤੀ ਟੀਮ ਵੱਲੋਂ ਕੀਤੇ ਦੋਵੇਂ ਗੋਲ ਗੁਰਜੰਟ ਸਿੰਘ ਤੇ ਮਨਦੀਪ ਸਿੰਘ ਨੇ ਕੀਤੇ ਸਨ ਪਰ ਨਿਯਮਤ ਸਮੇਂ ਦੌਰਾਨ ਮੈਚ 2-2 ਗੋਲ ਨਾਲ ਬਰਾਬਰੀ ’ਤੇ ਸਮਾਪਤ ਹੋਣ ਕਾਰਨ ਜੇਤੂ ਟੀਮ ਦਾ ਫ਼ੈਸਲਾ ਕਰਨ ਲਈ ਪੈਨਲਟੀ ਸਟਰੋਕਾਂ ਦਾ ਸਹਾਰਾ ਲਿਆ ਗਿਆ। ਇਸ ਦੌਰਾਨ ਪੈਨਲਟੀਆਂ ਰਾਹੀਂ ਦਾਗੇ ਚਾਰ ਗੋਲਾਂ ’ਚ ਤਿੰਨ ਗੋਲ ਪੰਜਾਬੀ ਖਿਡਾਰੀਆਂ ਟੀਮ ਕਪਤਾਨ ਹਰਜੀਤ ਸਿੰਘ, ਹਰਮਨਪੀ੍ਰਤ ਸਿੰਘ ਅਤੇ ਮਨਦੀਪ ਸਿੰਘ ਦੇ ਖਾਤਿਆਂ ’ਚ ਜਮ੍ਹਾਂ ਹੋਏ ਸਨ।

ਆਸਟਰੇਲੀਆ ਵਿਰੁੱਧ ਸੈਮੀਫਾਈਨਲ ਦੌਰਾਨ ਖੇਡੀ ਮਿਆਰੀ ਤੇ ਲਾਸਾਨੀ ਖੇਡ ਸਦਕਾ ਭਾਰਤੀ ਟੀਮ ਨੇ ਬੈਲਜੀਅਮ ਨਾਲ ਫਾਈਨਲ ਖੇਡਣ ਦਾ ਟਿਕਟ ਕਟਾਇਆ ਸੀ। ਫਾਈਨਲ ’ਚ ਇਕ ਵਾਰ ਜਿੱਤ ਦਾ ਜਾਦੂ ਫੇਰ ਪੰਜਾਬੀ ਖਿਡਾਰੀਆਂ ਦੇ ਸਿਰ ਚੜ੍ਹ ਬੋਲਿਆ। ਇਸ ਦੌਰਾਨ ਸਟਰਾਈਕਰ ਸਿਮਰਨਜੀਤ ਸਿੰਘ ਵੱਲੋਂ ਪਹਿਲੇ ਅੱਧ ’ਚ ਕੀਤੇ ਦੋ ਸ਼ਾਨਦਾਰ ਗੋਲਾਂ ਸਦਕਾ ਭਾਰਤੀ ਟੀਮ ਜੇਤੂ ਰਹੀ ਸੀ। ਭਾਰਤੀ ਖਿਡਾਰੀਆਂ ਨਾਲ ਖਿਤਾਬੀ ਮੈਚ ’ਚ 2-1 ਗੋਲਾਂ ਦੀ ਜਿੱਤ ਦਰਜ ਕੀਤੀ ਸੀ।

ਹਾਕੀ ਕੱਪ ਜੋਹਰ ਬਾਹਰੂ-2009

ਮਲੇਸ਼ੀਆ ਦੇ ਹਾਕੀ ਮੈਦਾਨਾਂ ’ਤੇ ਜੋਹਰ ਬਾਹਰੂ ’ਚ 7 ਤੋਂ 21 ਜੂਨ ਤਕ ਕੁੱਲ ਆਲਮ ਦੀਆਂ ਮੰਨੀਆਂ-ਪ੍ਰਮੰਨੀਆਂ 20 ਜੂਨੀਅਰ ਹਾਕੀ ਟੀਮਾਂ ਦਰਮਿਆਨ ਖੇਡੇ ਗਏ ਜੂਨੀਅਰ ਵਿਸ਼ਵ ਹਾਕੀ ਕੱਪ ’ਚ ਜਰਮਨੀ ਦੇ ਖਿਡਾਰੀਆਂ ਨੇ ਨੀਦਰਲੈਂਡ ਦੀ ਟੀਮ ਨੂੰ ਦੂਜੇ ਸਥਾਨ ’ਤੇ ਮਜਬੂਰ ਕਰਦਿਆਂ 5ਵੇਂ ਜੂਨੀਅਰ ਹਾਕੀ ਟਾਈਟਲ ’ਤੇ ਆਪਣਾ ਕਬਜ਼ਾ ਜਮਾਇਆ। ਜੇਤੂ ਆਸਟਰੇਲੀਆਈ ਟੀਮ ਦੇ ਅਟੈਕਿੰਗ ਮਿੱਡਫੀਲਡਰ ਨਿੱਕ ਵਿਲਸਨ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਅਤੇ ਉਪ-ਜੇਤੂ ਟੀਮ ਦੇ ਸਟਰਾਈਕਰ ਵਾਨ ਮਿੰਕ ਨੂੰ 13 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਚੁਣਿਆ ਗਿਆ। ਖਿਤਾਬ ਜੇਤੂ ਜਰਮਨੀ ਤੇ ਉਪ-ਜੇਤੂ ਨੀਦਰਲੈਂਡ ਦੀ ਟੀਮ ਤੋਂ ਇਲਾਵਾ ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ ’ਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

ਹਾਕੀ ਕੱਪ ਭੁਵਨੇਸ਼ਵਰ 2021

ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਕਿਗਾ ਹਾਕੀ ਸਟੇਡੀਅਮ ਦੀ ਸਿੰਥੈਟਿਕ ਟਰਫ ’ਤੇ 24 ਨਵੰਬਰ ਤੋਂ 5 ਦਸੰਬਰ ਤਕ ਜੂਨੀਅਰ ਆਲਮੀ ਹਾਕੀ ਕੱਪ ਦਾ 12ਵਾਂ ਅਡੀਸ਼ਨ ਖੇਡਿਆ ਜਾਵੇਗਾ। ਕੁੱਲ ਦੁਨੀਆ ਦੀਆਂ 16 ਹਾਕੀ ਟੀਮਾਂ ਦਰਮਿਆਨ ਖੇਡੇ ਜਾਣ ਵਾਲੇ ਜੂਨੀਅਰ ਹਾਕੀ ਟੂਰਨਾਮੈਂਟ ਦੇ ਹਰ ਗਰੁੱਪ ’ਚ 4 ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ। ਪੂਲ-ਏ ’ਚ ਬੈਲਜੀਅਮ, ਚਿੱਲੀ, ਮਲੇਸ਼ੀਆ ਤੇ ਦੱਖਣੀ ਅਫਰੀਕਾ ਦੇ ਖਿਡਾਰੀ ਕੁਆਟਰਫਾਈਨਲ ’ਚ ਸਥਾਨ ਹਾਸਲ ਕਰਨ ਲਈ ਖ਼ੂਨ-ਪਸੀਨਾ ਇਕ ਕਰਨਗੇ ਜਦਕਿ ਪੂਲ-ਬੀ ’ਚ ਮੇਜ਼ਬਾਨ ਇੰਡੀਆ ਤੋਂ ਇਲਾਵਾ ਫਰਾਂਸ, ਕੈਨੇਡਾ ਤੇ ਪੋਲੈਂਡ ਦੀਆਂ ਟੀਮਾਂ ਕੁਆਟਰਫਾਈਨਲ ’ਚ ਦਾਖ਼ਲਾ ਲੈਣ ਲਈ ਜ਼ੋਰ-ਅਜ਼ਮਾਈ ਕਰਨਗੀਆਂ। ਪੂਲ-ਸੀ ’ਚ ਨੀਦਰਲੈਂਡ, ਸਪੇਨ, ਅਮਰੀਕਾ ਤੇ ਦੱਖਣੀ ਕੋਰੀਆ ਦੀਆਂ ਟੀਮਾਂ ਦੇ ਖਿਡਾਰੀ ਕੁਆਟਰਫਾਈਨਲ ਦਾ ਟਿਕਟ ਹਾਸਲ ਕਰਨ ਲਈ ਮੈਦਾਨ ’ਚ ਪੂਰਾ ਤਾਣ ਲਾ ਕੇ ਖੇਡਣਗੇ ਜਦਕਿ ਪੂਲ-ਡੀ ’ਚ ਅਰਜਨਟੀਨਾ, ਪਾਕਿਸਤਾਨ, ਮਿਸਰ ਤੇ ਜਰਮਨੀ ਦੀਆਂ ਟੀਮਾਂ ਦੇ ਖਿਡਾਰੀ ਇਕ-ਦੂਜੀ ਟੀਮ ਨੂੰ ਠਿੱਬੀ ਲਾਉਣ ਸਦਕਾ ਕੁਆਟਰਫਾਈਨਲ ਦੀ ਉਡਾਉਣ ਭਰਨ ਲਈ ਹੰਭਲਾ ਮਾਰਨਗੇ।

ਹਾਕੀ ਕੱਪ ਨਵੀਂ ਦਿੱਲੀ-2013

ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਸਿੰਘ ਨੈਸ਼ਨਲ ਹਾਕੀ ਸਟੇਡਅਮ ’ਚ 16 ਜੂਨੀਅਰ ਹਾਕੀ ਟੀਮਾਂ ਵਿਚਕਾਰ 6 ਤੋਂ 15 ਦਸੰਬਰ ਤਕ ਖੇਡੇ ਗਏ 10ਵੇਂ ਜੂਨੀਅਰ ਹੀਰੋ ਸੰਸਾਰ ਹਾਕੀ ਕੱਪ ’ਚ ਜਰਮਨੀ ਦੇ ਖਿਡਾਰੀਆਂ ਨੇ ਫਰਾਂਸ ਦੀ ਟੀਮ ਨੂੰ 5-2 ਗੋਲ ਅੰਤਰ ਨਾਲ ਹਰਾ ਕੇ ਰਿਕਾਰਡ 6ਵਾਂ ਜੂਨੀਅਰ ਵਿਸ਼ਵ ਹਾਕੀ ਕੱਪ ਟਾਈਟਲ ਹਾਸਲ ਕੀਤਾ। ਟੂਰਨਾਮੈਂਟ ’ਚ ਖੇਡੇ ਗਏ 44 ਮੈਚਾਂ ’ਚ ਜੇਤੂ ਜਰਮਨੀ ਟੀਮ ਦੇ ਸਟਰਾਈਕਰ ਆਰ. ਕਰਿਸਟੌਫਰ ਨੂੰ 9 ਗੋਲ ਸਕੋਰ ਕਰਨ ਸਦਕਾ ‘ਟਾਪ ਸਕੋਰਰ’ ਦਾ ਹੱਕ ਹਾਸਲ ਹੋਇਆ, ਉੱਥੇ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਧਮਾਕੇਦਾਰ ਖੇਡ ਦਾ ਮੁਜ਼ਾਹਰਾ ਕਰਨ ਵਾਲੇ ਆਰ. ਕਰਿਸਟੌਫਰ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਵੀ ਐਲਾਨਿਆ ਗਿਆ। ਤੀਜੀ-ਚੌਥੀ ਪੁਜ਼ੀਸ਼ਨ ਲਈ ਹੋਏ ਮੈਚ ’ਚ ਨੀਦਰਲੈਂਡ ਨੇ ਮਲੇਸ਼ੀਆ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ।

Related posts

ਤੇਂਦੁਲਕਰ ਨੇ ਵੀ ਮੰਨਿਆ ਜਸਪ੍ਰੀਤ ਦਾ ਲੋਹਾ, ਵੱਡੀ ਭਵਿੱਖਬਾਣੀ

On Punjab

ਵਿਸ਼ਵ ਕਬੱਡੀ ਕੱਪ ‘ਤੇ ਭਾਰਤ ਦਾ ਕਬਜ਼ਾ, ਕੈਨੇਡਾ ਨੂੰ 64-19 ਨਾਲ ਹਰਾਇਆ

On Punjab

ਧੋਨੀ ਦੀ ਸਟੰਪਿੰਗ ‘ਤੇ ਸ਼੍ਰੇਅਸ ਅਈਅਰ ਨੇ ਦਿੱਤਾ ਇਹ ਵੱਡਾ ਬਿਆਨ

On Punjab