ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਪੂਰੀ ਦੁਨੀਆ ‘ਚ ਮਡਰਾਉਂਦੇ ਜਲ ਸੰਕਟ ਪ੍ਰਤੀ ਸਾਵਧਾਨ ਕੀਤਾ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਣੀ ਦੀ ਘੱਟ ਉਪਲਬਧਤਾ ਦੀ ਵਜ੍ਹਾ ਨਾਲ ਪਹਿਲਾਂ ਤੋਂ ਹੀ ਦੁਨੀਆ ਦੇ ਕਰੋੜਾਂ ਲੋਕ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਇਹ ਰਿਪੋਰਟ The State of Climate Services 2021: Water ਦੇ ਨਾਂ ਨਾਲ ਜਾਰੀ ਕੀਤੀ ਗਈ ਹੈ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ‘ਚ ਵਾਟਰ ਮੈਨੇਜਮੈਂਟ ਇਸ ਦੀ ਨਿਗਰਾਨੀ ਤੇ ਸਮਾਂ ਰਹਿੰਦੇ ਚਿਤਾਵਨੀ ਦਿੱਤੀਆਂ ਜਾ ਸਕਣ ਵਾਲੀਆਂ ਤਕਨੀਕਾਂ ‘ਚ ਸਹੀ ਤਾਲਮੇਲ ਨਹੀਂ ਹੈ। ਦੂਜੇ ਪਾਸੇ ਵਿਸ਼ਵ ‘ਤੇ ਕੀਤੇ ਜਾ ਰਹੇ ਜਲਵਾਯੂ ਵਿੱਤੀ ਪੋਸ਼ਣ ਦੇ ਯਤਨ ਵੀ ਲੋੜ ਮੁਤਾਬਕ ਨਹੀਂ ਹੈ।
ਸੰਯੁਕਤ ਰਾਸ਼ਟਰ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ‘ਚ ਲਗਪਗ ਸਾਢੇ ਤਿੰਨ ਅਰਬ ਲੋਕਾਂ ਅਜਿਹੇ ਸੀ ਜਿਨ੍ਹਾਂ ਕੋਲ ਸਾਲ ‘ਚ ਸਿਰਫ 11 ਮਹੀਨੇ ਲਈ ਜਲ ਦੀ ਸਹੂਲਤ ਸੀ। ਇਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਇਕ ਮਹੀਨੇ ਤਕ ਜਲ ਸੰਕਟ ਨਾਲ ਜੂਝਣਾ ਪੈਂਦਾ ਸੀ। ਦੂਜੇ ਪਾਸੇ 2050 ਤਕ ਇਹ ਅੰਕੜਾ 5 ਅਰਬ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਦੇ ਜਨਰਲ ਸਕੱਤਰ ਪੇਟੇਰੀ ਟਾਲਸ ਦਾ ਕਹਿਣਾ ਹੈ ਕਿ ਧਰਤੀ ਦਾ ਤਾਪਮਾਨ ਜਿਸ ਤੇਜ਼ੀ ਨਾਲ ਵਧ ਰਿਹਾ ਹੈ ਉਸ ਦੀ ਬਦੌਲਤ ਜਲ ਦਾ ਸੰਕਟ ਵਧਦਾ ਜਾ ਰਿਹਾ ਹੈ। ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2000 ਤੋਂ ਜਲ ਸਬੰਧੀ ਆਫਤਾਂ ‘ਚ ਤੇਜ਼ੀ ਹੋ ਰਹੀ ਹੈ। ਜੇਕਰ ਪਿਛਲੇ ਦੋ ਦਹਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ‘ਚ ਜਲ ਸਬੰਧੀ ਤ੍ਰਾਸਦੀਆਂ ‘ਚ ਤੇਜ਼ੀ ਆਈ ਹੈ। ਨਾਲ ਹੀ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਵਧਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਏਸ਼ੀਆਈ ਦੇਸ਼ਾਂ ‘ਚ ਹੀ ਦੇਖਣ ਨੂੰ ਮਿਲਿਆ ਹੈ। ਟਾਲਸ ਦਾ ਕਹਿਣਾ ਹੈ ਕਿ ਬੀਤੇ ਇਕ ਸਾਲ ਦੌਰਾਨ ਜਪਾਨ, ਚੀਨ, ਇੰਡੋਨੇਸ਼ੀਆ, ਨੇਪਾਲ, ਪਾਕਿਸਤਾਨ ਤੇ ਭਾਰਤ ‘ਚ ਜ਼ਬਰਦਸਤ ਬਾਰਿਸ਼ ਤੇ ਇਸ ਤੋਂ ਬਾਅਦ ਹੀ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ।