ਨਵੀਂ ਦਿੱਲੀ-ਮੁਕਾਬਲੇ ਦੇ ਡਰ ਤੋਂ ਉੱਤਰ ਪ੍ਰਦੇਸ਼ ਦੇ ਵਿਧਾਇਕ ਅੱਬਾਸ ਅੰਸਾਰੀ ਨੇ ਅੱਜ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਗੈਂਗਸਟਰ ਐਕਟ ਤਹਿਤ ਦਰਜ ਇਕ ਕੇਸ ਦੀ ਹੇਠਲੀ ਅਦਾਲਤ ’ਚ ਚੱਲ ਰਹੀ ਸੁਣਵਾਈ ਦੌਰਾਨ ਉਸ ਨੂੰ ਵਰਚੁਅਲੀ ਪੇਸ਼ੀ ਭੁਗਤਣ ਦੀ ਇਜਾਜ਼ਤ ਦਿੱਤੀ ਜਾਵੇ। ਗੈਂਗਸਟਰ ਤੋਂ ਸਿਆਸਤਦਾਨ ਬਣੇ ਮਰਹੂਮ ਮੁਖਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਵੱਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਨੇ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਕਿ ਅੰਸਾਰੀ ਪਹਿਲਾਂ ਕਾਸਗੰਜ ਜੇਲ੍ਹ ਤੋਂ ਵਰਚੁਅਲੀ ਪੇਸ਼ੀ ਭੁਗਤਦਾ ਸੀ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸਿੱਬਲ ਨੇ ਕਿਹਾ, ‘‘ਕ੍ਰਿਪਾ ਕਰ ਕੇ ਮੈਨੂੰ ਅਦਾਲਤੀ ਕਾਰਵਾਈ ਵਿੱਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਅੱਜਕੱਲ੍ਹ ਜੇਲ੍ਹ ਤੇ ਅਦਾਲਤ ਵਿਚਾਲੇ ਕਾਫੀ ਕੁਝ ਵਾਪਰ ਰਿਹਾ ਹੈ। ਜੇਲ੍ਹ ਤੋਂ ਅਦਾਲਤ ਤੱਕ ਲਿਜਾਂਦੇ ਹੋਏ ਲੋਕਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ।’’ ਅਦਾਲਤ ਵੱਲੋਂ ਸੂਬੇ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਕਥਿਤ ਗਰੋਹ ਚਲਾਉਣ ਦੇ ਮਾਮਲੇ ਵਿੱਚ ਅੰਸਾਰੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਜਸਟਿਸ ਸੂਰਿਆ ਕਾਂਤ ਨੇ ਸਿੱਬਲ ਨੂੰ ਅਰਜ਼ੀ ਲੈ ਕੇ ਹਾਈ ਕੋਰਟ ਜਾਣ ਲਈ ਕਿਹਾ।
previous post