ਨਵੀਂ ਦਿੱਲੀ-‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦਫਤਰ ਪੁੱਜੇ ਅਤੇ ਦਾਅਵਾ ਕੀਤਾ ਕਿ ਜੇਕਰ ‘ਆਪ’ ਨੇ ਵਿਰੋਧ ਨਾ ਕੀਤਾ ਹੁੰਦਾ ਤਾਂ ਇਕ ਕਰੋੜ ਦਿੱਲੀ ਵਾਸੀ ਪਾਣੀ ਤੋਂ ਵਾਂਝੇ ਹੋ ਜਾਂਦੇ। ਉਨ੍ਹਾਂ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਚੋਣ ਕਮਿਸ਼ਨ ਉਨ੍ਹਾਂ(ਕੇਜਰੀਵਾਲ) ਨੂੰ ਨਿਸ਼ਾਨਾ ਬਣਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ, “ਜੇ ਅਸੀਂ ਵਿਰੋਧ ਨਾ ਕੀਤਾ ਹੁੰਦਾ ਅਤੇ ਰੌਲਾ ਨਾ ਪਾਇਆ ਹੁੰਦਾ ਤਾਂ ਦਿੱਲੀ ਦੇ ਇੱਕ ਕਰੋੜ ਲੋਕਾਂ ਨੂੰ ਪਾਣੀ ਮਿਲਣਾ ਬੰਦ ਹੋ ਜਾਣਾ ਸੀ… ECI ਨੇ ਮੈਨੂੰ ਨੋਟਿਸ ਭੇਜ ਕੇ ਪੁੱਛਿਆ ਹੈ ਕਿ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਮੈਂ ਦਿੱਲੀ ਨੂੰ ਪਾਣੀ ਦੇ ਸੰਕਟ ਤੋਂ ਬਚਾਇਆ ਅਤੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।’’ ‘‘ਨਾਇਬ ਸੈਣੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਚੋਣ ਕਮਿਸ਼ਨ ਮੇਰੇ ਪਿੱਛੇ ਹੈ… ਚੋਣ ਵਾਲੇ ਰਾਜਾਂ ਦੇ ਗੁਆਂਢੀ ਰਾਜ ਪਾਣੀ ਰੋਕ ਕੇ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ… ਪੈਸੇ, ਸਾੜੀਆਂ, ਜੁੱਤੀਆਂ ਅਤੇ ਦਿੱਲੀ ਵਿੱਚ ਖੁੱਲ੍ਹੇਆਮ ਜੈਕਟਾਂ ਵੰਡੀਆਂ ਜਾ ਰਹੀਆਂ ਹਨ ਪਰ ਚੋਣ ਕਮਿਸ਼ਨ ਨੇ ਅੱਜ ਭਾਜਪਾ ਖ਼ਿਲਾਫ਼ ਕਾਰਵਾਈ ਕਰਨ ਦੀ ਹਿੰਮਤ ਨਹੀਂ ਦਿਖਾਈ।’’ਉਨ੍ਹਾਂ ਅੱਗੇ ਕਿਹਾ, “ਮੈਨੂੰ ਜੋ ਵੀ ਸਜ਼ਾ ਦਿੱਤੀ ਜਾਵੇਗੀ, ਮੈਂ ਸਵੀਕਾਰ ਕਰਾਂਗਾ। ਅਸੀਂ ਚੋਣ ਕਮਿਸ਼ਨ ਤੋਂ ਸਮਾਂ ਨਹੀਂ ਲਿਆ, ਜੇਕਰ ਅਸੀਂ ਉਨ੍ਹਾਂ ਨੂੰ ਮਿਲਦੇ ਹਾਂ ਤਾਂ ਠੀਕ ਹੈ ਨਹੀਂ ਤਾਂ ਅਸੀਂ ਗੇਟ ‘ਤੇ ਆ ਕੇ ਤਿੰਨਾਂ ਨੂੰ ਜਵਾਬ ਅਤੇ ਪਾਣੀ ਦੀ ਬੋਤਲ ਦੇਵਾਂਗੇ।