ਚੰਡੀਗੜ੍ਹ: ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (ਏਆਈਸੀਡਬਲਿਊਏ) ਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫਡਬਲਿਊਆਈਸੀਈ) ਨੇ ਬਾਲੀਵੁੱਡ ਸਟਾਰ ਗਾਇਕ ਮੀਕਾ ਸਿੰਘ ‘ਤੇ ਪਿਛਲੇ ਹਫਤੇ ਕਰਾਚੀ ਵਿੱਚ ਪ੍ਰਫਾਰਮ ਕਰਨ ਤੋਂ ਬਾਅਦ ਪਾਬੰਦੀ ਲਗਾਈ ਸੀ।
ਦੋਵਾਂ ਸੰਸਥਾਵਾਂ ਨੇ ਇੰਡਸਟਰੀ ਦੇ ਸਾਰੇ ਲੋਕਾਂ ਨੂੰ ਮੀਕਾ ਸਿੰਘ ਖਿਲਾਫ ਸਖ਼ਤ ਰੁਖ਼ ਅਪਨਾਉਣ ਦੀ ਮੰਗ ਕੀਤੀ ਸੀ। ਪਰ ਹੁਣ ਐਫਡਬਲਿਊਆਈਸੀਈ ਦੇ ਮੈਂਬਰ ਨੇ ਕਿਹਾ ਕਿ ਜੇ ਸਲਮਾਨ ਖਾਨ ਵੀ ਮੀਕਾ ਨਾਲ ਕੋਈ ਸ਼ੋਅ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਬੈਨ ਕੀਤਾ ਜਾਏਗਾ। ਦੱਸ ਦੇਈਏ ਸਲਮਾਨ ਤੇ ਮੀਕਾ ਦਾ ਹਿਊਸਟਨ ਵਿੱਚ ਇੱਕ ਸ਼ੋਅ ਪਹਿਲਾਂ ਤੋਂ ਹੀ ਨਿਰਧਾਰਿਤ ਹੈ। ਇਸ ਪ੍ਰੋਗਰਾਮ ਵਿੱਚ ਅਮਰੀਕਾ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੋਣਗੀਆਂ।
ਦਰਅਸਲ ਮੀਕਾ ‘ਤੇ ਇਹ ਬੈਨ ਇਸ ਲਈ ਲਾਇਆ ਗਿਆ ਕਿਉਂਕਿ ਉਹ ਜੰਮੂ-ਕਸ਼ਮੀਰ ਤੋਂ 370 ਹਟਾਏ ਜਾਣ ਤੋਂ ਬਾਅਦ ਭਾਰਤ-ਪਾਕਿ ਤਣਾਅ ਬਾਰੇ ਜਾਣੂੰ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਧੀ ਦੇ ਅਰਬਪਤੀ ਚਚੇਰੇ ਭਰਾ ਦੇ ਵਿਆਹ ਦਾ ਪ੍ਰੋਗਰਾਮ ਕਰਨ ਲਈ ਕਰਾਚੀ ਪਹੁੰਚ ਗਏ, ਜਿਸ ਕਾਰਨ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।