ਚੰਡੀਗੜ੍ਹ- ਗੁਜਰਾਤ ਦੇ ਜਾਮਨਗਰ ਵਿਚ ਜੈਗੂਆਰ ਜੰਗੀ ਜਹਾਜ਼ ਹਾਦਸੇ ਵਿੱਚ ਮਾਰੇ ਗਏ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ (Flight Lieutenant Siddharth Yadav) ਦਾ ਸ਼ੁੱਕਰਵਾਰ ਨੂੰ ਹਰਿਆਣਾ ਦੇ ਜ਼ਿਲ੍ਹਾ ਰੇਵਾੜੀ ਸਥਿਤ ਉਸ ਦੇ ਜੱਦੀ ਪਿੰਡ ਮਾਜਰਾ ਭਲਖੀ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਯਾਦਵ (28) ਦੀ ਬੁੱਧਵਾਰ ਰਾਤ ਨੂੰ ਜਾਮਨਗਰ ਸਥਤ ਭਾਰਤੀ ਹਵਾਈ ਫ਼ੌਜ (IAF) ਦੇ ਸਟੇਸ਼ਨ ਨੇੜੇ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਸਿਧਾਰਥ ਦੀ ਹਾਲ ਹੀ ਵਿੱਚ ਮੰਗਣੀ ਹੋਈ ਸੀ, ਉਨ੍ਹਾਂ ਦਾ ਇਸੇ ਸਾਲ ਨਵੰਬਰ ਵਿੱਚ ਵਿਆਹ ਹੋਣਾ ਤੈਅ ਸੀ।
ਪਾਇਲਟ ਸਾਬਕਾ ਸੈਨਿਕਾਂ ਦੇ ਪਰਿਵਾਰ ਨਾਲ ਸਬੰਧਤ ਸੀ। ਉਸਦੇ ਪਿਤਾ ਸੁਸ਼ੀਲ ਯਾਦਵ ਨੇ ਵੀ ਹਵਾਈ ਫ਼ੌਜ ਵਿੱਚ ਸੇਵਾ ਕੀਤੀ ਸੀ ਅਤੇ ਦਾਦਾ ਤੇ ਪੜਦਾਦਾ ਨੇ ਫੌਜ ਵਿੱਚ ਸੇਵਾ ਕੀਤੀ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਲਿਜਾਏ ਜਾਣ ਤੋਂ ਪਹਿਲਾਂ ਰੇਵਾੜੀ ਪਹੁੰਚੀ।
ਇਸ ਮੌਕੇ ਵੱਡੀ ਗਿਣਤੀ ਸਾਬਕਾ ਸੈਨਿਕਾਂ ਸਮੇਤ ਭਾਰੀ ਤਾਦਾਦ ਵਿੱਚ ਆਮ ਲੋਕ ਹੱਥਾਂ ਵਿੱਚ ਤਿਰੰਗੇ ਲੈ ਕੇ ਫੁੱਲਾਂ ਦੀ ਵਰਖਾ ਕਰਦੇ ਹੋਏ ਸੜਕਾਂ ‘ਤੇ ਖੜ੍ਹੇ ਸਨ, ਜਦੋਂ ਭਾਰਤੀ ਹਵਾਈ ਸੈਨਾ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਵਾਲਾ ਵਾਹਨ ਉਥੋਂ ਲੰਘ ਰਿਹਾ ਸੀ। ਚਿਖਾ ਨੂੰ ਅਗਨੀ ਦਿਖਾਏ ਜਾਣ ਸਮੇਂ ਹਵਾਈ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਹਥਿਆਰ ਉਲਟੇ ਕਰ ਕੇ ਸਲਾਮੀ ਦਿੱਤੀ।
ਹਰਿਆਣਾ ਦੇ ਸਾਬਕਾ ਮੰਤਰੀ ਬਨਵਾਰੀ ਲਾਲ, ਰੇਵਾੜੀ ਜ਼ਿਲ੍ਹੇ ਦੇ ਬਾਵਲ ਤੋਂ ਭਾਜਪਾ ਵਿਧਾਇਕ ਕ੍ਰਿਸ਼ਨ ਕੁਮਾਰ, ਹਜ਼ਾਰਾਂ ਸਥਾਨਕ ਲੋਕ, ਭਾਰਤੀ ਹਵਾਈ ਸੈਨਾ (ਆਈਏਐਫ) ਦੇ ਅਧਿਕਾਰੀ, ਹਥਿਆਰਬੰਦ ਬਲਾਂ ਦੇ ਮੈਂਬਰ, ਪੁਲਿਸ ਅਧਿਕਾਰੀ, IAF ਅਧਿਕਾਰੀ ਨੂੰ ਸਲਾਮੀ ਦੇਣ ਲਈ ਇਕੱਠੇ ਹੋਏ, ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਅਲਵਿਦਾ ਆਖੀ।
ਉਹ ਆਪਣੇ ਪਿੱਛੇ ਪਿਤਾ, ਮਾਤਾ ਅਤੇ ਇੱਕ ਛੋਟੀ ਭੈਣ ਛੱਡ ਗਏ ਹਨ। ਸਸਕਾਰ ਦੀ ਰਸਮ ਮੌਕੇ ਯਾਦਵ ਦੀ ਮੰਗੇਤਰ ਵੀ ਭੱਜੀਆਂ ਅੱਖਾਂ ਨਾਲ ਮੌਜੂਦ ਸੀ। ਉਨ੍ਹਾਂ ਦੀ ਮਾਤਾ ਸੁਸ਼ੀਲਾ ਦੇਵੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਰ ਮਾਂ ਨੂੰ ਅਪੀਲ ਕਰੇਗੀ ਕਿ ਉਹ ਆਪਣੇ ਪੁੱਤਰਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਜ਼ਰੂਰ ਭੇਜਣ।