ਮੈਲਬਰਨ-ਨੋਵਾਕ ਜੋਕੋਵਿਚ ਨੇ ਅੱਜ ਇੱਥੇ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਦਾ ਮੈਚ ਖੇਡ ਕੇ ਗਰੈਂਡਸਲੈਮ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਬਣਾਇਆ, ਜਦਕਿ ਨਾਓਮੀ ਓਸਾਕਾ ਪਿਛਲੇ ਤਿੰਨ ਸਾਲ ਵਿੱਚ ਪਹਿਲੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪਹੁੰਚੀ ਹੈ। ਜੋਕੋਵਿਚ ਗਰੈਂਡਸਲੈਮ ਟੂਰਨਾਮੈਂਟਾਂ ’ਚ 430 ਮੈਚ ਖੇਡ ਚੁੱਕਾ ਹੈ, ਜੋ ਨਵਾਂ ਰਿਕਾਰਡ ਹੈ। ਉਸ ਨੇ ਰੌਜਰ ਫੈਡਰਰ (429) ਨੂੰ ਪਛਾੜਿਆ। ਜੋਕੋਵਿਚ ਨੇ ਦੂਜੇ ਗੇੜ ਵਿੱਚ ਪੁਰਤਗਾਲੀ ਕੁਆਲੀਫਾਇਰ ਜੈਮੀ ਫਾਰੀਆ ਨੂੰ 6-1, 6-7 (4), 6-3, 6-2 ਨਾਲ ਹਰਾਇਆ। ਇਸੇ ਤਰ੍ਹਾਂ ਪੁਰਸ਼ ਵਰਗ ਵਿੱਚ ਤੀਜਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਯੋਸ਼ੀਹਿਤੋ ਨਿਸ਼ੀਓਕਾ ਨੂੰ 6-0, 6-1, 6-4 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਆਸਟਰੇਲੀਆ ਓਪਨ ਚੈਂਪੀਅਨ ਓਸਾਕਾ 2022 ਤੋਂ ਬਾਅਦ ਪਹਿਲੀ ਵਾਰ ਕਿਸੇ ਗਰੈਂਡਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪਹੁੰਚੀ ਹੈ। ਉਸ ਨੇ ਕੈਰੋਲੀਨਾ ਮੁਚੋਵਾ ਖ਼ਿਲਾਫ਼ 1-6, 6-1, 6-3 ਨਾਲ ਜਿੱਤ ਹਾਸਲ ਕੀਤੀ।
previous post