ਜੌਰਡਨ ਸੰਧੂ ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਕਲਾਕਾਰ ਹੈ ਜਿਸਨੂੰ ਦਰਸ਼ਕ ‘ਕਾਲਾ ਸ਼ਾਹ ਕਾਲਾ’ਤੇ ‘ਕਾਕੇ ਦਾ ਵਿਆਹ ‘ ਫਿਲਮਾਂ ਰਾਹੀਂ ਬਤੌਰ ਅਦਾਕਾਰ ਵੇਖ ਚੁੱਕੇ ਹਨ। ਹੁਣ ਜੌਰਡਨ ਸੰਧੂ ਇੱਕ ਹੋਰ ਨਵੀਂ ਫਿਲਮ ‘ ਖਤਰੇ ਦਾ ਘੁੱਗੂ ‘ ਲੈ ਕੇ ਆ ਰਿਹਾ ਹੈ। ਇਹ ਫਿਲਮ ਕਿਹੜੇ ਖਤਰੇ ਬਾਰੇ ਘੁੱਗੂ ਵਜਾ ਕੇ ਦਰਸ਼ਕਾਂ ਨੂੰ ਸੁਚੇਤ ਕਰੇਗੀ ਇਹ ਤਾਂ ਫਿਲਮ ਦੇ ਰਿਲੀਜ਼ ਹੋਣ ‘ਤੇ ਹੀ ਪਤਾ ਲੱਗੇਗਾ ਪਰ ਐਨਾਂ ਜਰੂਰ ਹੈ ਕਿ ਇਹ ਫਿਲਮ ਦਰਸਕਾਂ ਨੂੰ ਹਸਾ ਹਸਾ ਕੇ ਢਿੱਡੀ ਪੀੜ੍ਹਾਂ ਜਰੂਰ ਪਾਵੇਗੀ। ਜਿਕਰਯੋਗ ਹੈ ਕਿ ਇਹ ਜੌਰਡਨ ਦੀ ਤੀਸਰੀ ਫਿਲਮ ਹੈ ਜਿਸ ਵਿੱਚ ਉਹ ਖੂਬਸੁਰਤ ਅਦਾਕਾਰਾ ਦਿਲਜੋਤ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ਦਿਲਜੋਤ ਇਸ ਤੋਂ ਪਹਿਲਾਂ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨਾਲ ਫਿਲਮ ‘ਟੇਸ਼ਨ’ ਵਿੱਚ ਵੀ ਕੰਮ ਕਰ ਚੁੱਕੀ ਹੈ। ਇਹ ਉਸਦੀ ਦੂਸਰੀ ਫਿਲਮ ਹੈ।
ਅਨੰਤਾ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਮਨ ਚੀਮਾ ਦੀ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ। ਦਿਲਜੋਤ ਦਾ ਕਿਰਦਾਰ ਇੱਕ ਬਿਜਲੀ ਮਹਿਕਮੇ ਦੀ ਮੁਲਾਜਮ ਕੁੜੀ ਦਾ ਹੈ। ਜੋ ਰੇਡੀਓ ‘ਤੇ ਕੰਮ ਕਰਦੇ ਜੌਰਡਨ ਸੰਧੂ ਨੂੰ ਦਿਲੋਂ ਪਿਆਰ ਕਰਦੀ ਹੈ ਦੋਵੇਂ ਆਪਣੇ ਭਵਿੱਖ ਅਤੇ ਪਿਆਰ ਨੂੰ ਸਫ਼ਲ ਬਣਾਉਣ ਦੀ ਸੋਚ ਰੱਖਦੇ ਹਨ। ਜੌਰਡਨ ਸੰਧੂ ਇੱਕ ਰੇਡੀਓ ਸਟੇਸ਼ਨ ‘ਤੇ ਆਰ ਜੇ ਹੈ ਤੇ ਵਧੀਆਂ ਗਾਇਕ ਬਣਨਾ ਚਾਹੁੰਦਾ ਹੈ। ਫਿਲਮ ਦੀ ਕਹਾਣੀ ਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ। ਫਿਲਮ ਦਾ ਨਿਰਦੇਸ਼ਨ ਸ਼ਿਵਤਾਰ ਸ਼ਿਵ ਤੇ ਅਮਨ ਚੀਮਾ ਨੇ ਦਿੱਤਾ ਹੈ। ਇਸ ਫਿਲਮ ਦਾ ਗੀਤ ਸੰਗੀਤ ਬਹੁਤ ਹੀ ਵਧੀਆਂ ਹੈ ਜੋ ਫਿਲਮ ਦੀ ਕਹਾਣੀ ਬੇਸਡ ਹੈ। ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਸੁਤਿੰਦਰ ਕੌਰ,ਨੀਟੂ ਪੰਧੇਰ,ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ,ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ,ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਬੰਟੀ ਬੈਂਸ਼ ਨੇ ਲਿਖੇ ਹਨ। ਸੰਗੀਤ ਡੈਵੀ ਸਿੰਘ ਨੇ ਦਿੱਤਾ ਹੈ। ਇਹ ਫਿਲਮ 17 ਜਨਵਰੀ 2020 ਨੂੰ ਓਮ ਜੀ ਸਟਾਰ ਸਟੂਡੀਓ ਵਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।