ਮੁੰਬਈ:ਬੌਲੀਵੁੱਡ ਅਦਾਕਾਰ ਜੌਹਨ ਅਬਰਾਹਿਮ ਦੀ ਅਗਲੀ ਫਿਲਮ ‘ਦਿ ਡਿਪਲੋਮੈਟ’ ਸੱਤ ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਬਾਰੇ ਫਿਲਮਕਾਰਾਂ ਨੇ ਸ਼ੁੱਕਰਵਾਰ ਨੂੰ ਖ਼ੁਲਾਸਾ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਿਵਮ ਨਾਇਰ ਵੱਲੋਂ ਕੀਤਾ ਗਿਆ ਹੈ।
ਇਹ ਫਿਲਮ ਦੇਸ਼ ਭਗਤੀ ਦੀ ਉਸ ਸੱਚੀ ਕਹਾਣੀ ’ਤੇ ਆਧਾਰਿਤ ਹੈ, ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਸਬੰਧੀ ਨਿਰਮਾਤਾ ਭੂਸ਼ਣ ਕੁਮਾਰ ਦੇ ਬੈਨਰ ਟੀ-ਸੀਰੀਜ਼ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਹ ਫਿਲਮ ਸੱਤ ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਨੂੰ ਰਿਤੇਸ਼ ਸ਼ਾਹ ਨੇ ਲਿਖਿਆ ਹੈ। ਇਸ ਵਿੱਚ ਅਦਾਕਾਰ ਜੌਹਨ ਮੁੱਖ ਭੂਮਿਕਾ ਅਦਾ ਕਰਨਗੇ। ਇਸ ਫਿਲਮ ਵਿੱਚ ਉਨ੍ਹਾਂ ਨੂੰ ਉੱਚ ਅਹੁਦੇ ਵਾਲੇ ਅਫ਼ਸਰ ਵਜੋਂ ਦਿਖਾਇਆ ਗਿਆ ਹੈ।
ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਨੇ ਟੀ-ਸੀਰੀਜ਼ ਦੇ ਬੈਨਰ ਹੇਠ ਕੀਤਾ ਹੈ। ਇਸ ਫਿਲਮ ਦੇ ਨਿਰਮਾਣ ਲਈ ਅਦਾਕਾਰ ਜੌਹਨ ਨੇ ਜੇਏ ਐਂਟਰਟੇਨਮੈਂਟ, ਵਿਪੁਲ ਡੀ ਸ਼ਾਹ, ਅਸ਼ਿਵਨ ਵਰਦੇ, ਵਾਕਾਓ ਫਿਲਮਜ਼ ਦੇ ਰਾਜੇਸ਼ ਬਹਿਲ, ਫਾਰਚਿਊਨ ਫਿਲਮਜ਼ ਦੇ ਸਮੀਰ ਦਿਕਸ਼ਿਤ ਤੇ ਜਤਿਸ਼ ਵਰਮਾ ਸਣੇ ਸੀਤਾ ਫਿਲਮਜ਼ ਦੇ ਰਾਕੇਸ਼ ਡੈਂਗ ਨੇ ਵੀ ਯੋਗਦਾਨ ਦਿੱਤਾ ਹੈ।