Foreign envoys reach kashmir: ਜੰਮੂ ਕਸ਼ਮੀਰ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ 17 ਵਿਦੇਸ਼ੀ ਡਿਪਲੋਮੈਟਾਂ ਦੀ ਟੀਮ ਅੱਜ ਯਾਨੀ ਕਿ ਵੀਰਵਾਰ ਨੂੰ 2 ਦਿਨਾਂ ਦੌਰੇ ‘ਤੇ ਸ੍ਰੀਨਗਰ ਪਹੁੰਚੀ ਹੈ । ਇਸ ਵਫ਼ਦ ਵਿੱਚ ਬੰਗਲਾਦੇਸ਼, ਵੀਅਤਨਾਮ, ਨਾਰਵੇ, ਮਾਲਦੀਵਜ਼, ਦੱਖਣੀ ਕੋਰੀਆ, ਮੋਰੱਕੋ ਅਤੇ ਨਾਈਜੀਰੀਆ ਦੇ ਰਾਜਦੂਤ ਅਮਰੀਕੀ ਰਾਜਦੂਤ ਕੇਨੇਥ ਜੈਸਟਰ ਤੋਂ ਇਲਾਵਾ ਸ਼ਾਮਿਲ ਹੋਣਗੇ । ਇਸ ਦੌਰੇ ਲਈ ਸਰਕਾਰ ਵੱਲੋਂ ਯੂਰਪੀਅਨ ਯੂਨੀਅਨ (EU) ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਗਿਆ ਸੀ, ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ । ਇਸ ਬਾਰੇ ਉਨ੍ਹਾਂ ਕਿਹਾ ਕਿ ਉਹ ਗਾਈਡਡ ਟੂਰ ਦੇ ਹੱਕ ਵਿੱਚ ਨਹੀਂ ਸੀ ਅਤੇ ਉਹ ਬਾਅਦ ਵਿੱਚ ਉਥੇ ਜਾਣਗੇ ।
ਇਹ ਵਿਦੇਸ਼ੀ ਵਫ਼ਦ ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਲੈਫਟੀਨੈਂਟ ਗਵਰਨਰ ਜੀ.ਸੀ ਮਰਮੂ ਨਾਲ ਮੁਲਾਕਾਤ ਕਰੇਗਾ । ਇਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿੱਚ ਮੌਜੂਦ 17 ਵਿਦੇਸ਼ੀ ਡਿਪਲੋਮੈਟਾਂ ਦੀ ਟੀਮ ਕਸ਼ਮੀਰ ਵਿੱਚ ਸਥਿਤੀ ਨੂੰ ਆਮ ਵਾਂਗ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਵੇਗੀ । ਉੱਥੇ ਹੀ ਯੂਰਪੀਅਨ ਯੂਨੀਅਨ ਦੇ ਡਿਪਲੋਮੈਟ ਕਿਸੇ ਗਾਈਡਡ ਟੂਰ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ।
ਇਸ ਤੋਂ ਇਲਾਵਾ ਯੂਰਪੀ ਯੂਨੀਅਨ ਦੇ ਦੇਸ਼ਾਂ ਦੇ ਡਿਪਲੋਮੈਟਾਂ ਨੇ ਸਰਕਾਰ ਨੂੰ ਦੱਸਿਆ ਕਿ ਉਹ ਕੁਝ ਸਮੇਂ ਬਾਅਦ ਇਸ ਕੇਂਦਰ ਸ਼ਾਸਿਤ ਸੂਬੇ ਦਾ ਦੌਰਾ ਕਰਨਗੇ । ਇਨ੍ਹਾਂ ਦੇਸ਼ਾਂ ਦੇ ਡਿਪਲੋਮੈਟਾਂ ਨੇ ਤਿੰਨ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰਨ ‘ਤੇ ਜ਼ੋਰ ਦਿੱਤਾ ਹੈ ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਅਤੇ ਪੂਰੇ ਰਾਜ ਦਾ ਰਾਜ ਖਤਮ ਹੋਣ ਤੋਂ ਬਾਅਦ ਇਹ ਕਿਸੇ ਵਿਦੇਸ਼ੀ ਪਾਰਟੀ ਦੀ ਕਸ਼ਮੀਰ ਦੀ ਦੂਜੀ ਫੇਰੀ ਹੈ । ਇਸ ਤੋਂ ਪਹਿਲਾਂ ਅਕਤੂਬਰ ਵਿੱਚ ਯੂਰਪੀਅਨ ਸੰਸਦ ਦੇ 27 ਮੈਂਬਰੀ ਵਫ਼ਦ ਵੱਲੋਂ ਕਸ਼ਮੀਰ ਦਾ ਦੌਰਾ ਕੀਤਾ ਗਿਆ ਸੀ ।