ਸ੍ਰੀਨਗਰ-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੀ ਇਕ ਚੈੱਕਪੋਸਟ ’ਤੇ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਆਪਣਾ ਵਾਹਨ ਰੋਕਣ ਤੋਂ ਕਥਿਤ ਤੌਰ ’ਤੇ ਇਨਕਾਰ ਕਰਨ ਕਾਰਨ ਇਕ ਟਰੱਕ ਡਰਾਈਵਰ ਦੀ ਫੌਜ ਦੀ ਗੋਲੀਬਾਰੀ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ’ਚ ਅਤਿਵਾਦੀਆਂ ਦੀ ਆਵਾਜਾਈ ਬਾਰੇ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਸੰਗਰਾਮਾ ਚੌਕ ’ਤੇ ਚੌਕੀ ਸਥਾਪਿਤ ਕੀਤੀ ਗਈ ਸੀ।
ਇਸ ਦੌਰਾਨ ਇੱਕ ਤੇਜ਼ ਰਫਤਾਰ ਸ਼ੱਕੀ ਸਿਵਲ ਟਰੱਕ ਨੂੰ ਦੇਖਿਆ ਗਿਆ ਸੀ। ਚੈੱਕਪੋਸਟ ਨੂੰ ਪਾਰ ਕਰਦੇ ਹੋਏ ਚੇਤਾਵਨੀਆਂ ਦੇਣ ਦੇ ਬਾਵਜੂਦ ਡਰਾਈਵਰ ਨੇ ਟਰੱਕ ਨਹੀਂ ਰੋਕਿਆ, ਸਗੋਂ ਤਫਤਾਰ ਤੇਜ਼ ਕਰ ਦਿੱਤੀ।ਅਧਿਕਾਰੀਆਂ ਨੇ ਦੱਸਿਆ ਕਿ ਫੌਜੀਆਂ ਵੱਲੋਂ 23 ਕਿਲੋਮੀਟਰ ਤੱਕ ਵਾਹਨ ਦਾ ਪਿੱਛਾ ਕਰਦੇ ਹੋਏ ਟਾਇਰਾਂ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਵਾਹਨ ਨੂੰ ਸੰਗਰਾਮਾ ਚੌਕ ’ਤੇ ਰੁਕਣਾ ਪਿਆ। ਇਸ ਉਪਰੰਤ ਸੁਰੱਖਿਆ ਬਲਾਂ ਵੱਲੋਂ ਜ਼ਖਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫੌਜ ਨੇ ਕਿਹਾ ਕਿ ਲੋਡ ਕੀਤੇ ਟਰੱਕ ਨੂੰ ਨਜ਼ਦੀਕੀ ਪੁਲੀਸ ਸਟੇਸ਼ਨ ਭੇਜ ਦਿੱਤਾ ਗਿਆ ਹੈ। ਟਰੱਕ ਦੀ ਵਿਸਤ੍ਰਿਤ ਤਲਾਸ਼ੀ ਲਈ ਜਾ ਰਹੀ ਹੈ ਅਤੇ ਸ਼ੱਕੀ ਦੇ ਪਿਛੋਕੜ ਬਾਰੇ ਜਾਂਚ ਜਾਰੀ ਹੈ।