ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਦਾ ਰਾਜ ਦਾ ਦਰਜਾ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਕੌਮੀ ਝੰਡੇ ਅਤੇ ਇਕ ਸੰਵਿਧਾਨ ਤਹਿਤ ਚੋਣਾਂ ਹੋ ਰਹੀਆਂ ਹਨ ਅਤੇ ਅਜਿਹਾ ਮੋਦੀ ਸਰਕਾਰ ਵੱਲੋਂ ਧਾਰਾ 370 ਮਨਸੂਖ਼ ਕੀਤੇ ਜਾਣ ਪਿੱਛੋਂ ਸੰਭਵ ਹੋਇਆ ਹੈ।
ਸ੍ਰੀ ਸ਼ਾਹ ਭਾਜਪਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਜੰਮੂ ਦੀ ਦੋ-ਰੋਜ਼ਾ ਫੇਰੀ ਉਤੇ ਹਨ। ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 18 ਸਤੰਬਰ ਤੋਂ ਤਿੰਨ ਗੇੜਾਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਥੇ ਪਾਰਟੀ ਵਰਕਰਾਂ ਦੀ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਉਤੇ ‘ਪੁਰਾਣੇ ਪ੍ਰਬੰਧ’ (ਧਾਰਾ 370 ਵਾਲਾ) ਦੀ ਬਹਾਲੀ ਦੇ ਖ਼ਾਹਿਸ਼ਮੰਦ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਦਹਿਸ਼ਤਗਰਦੀ ਤੇ ‘ਖ਼ੁਦਮੁਖ਼ਤਾਰੀ’ ਦੀ ਵਾਪਸੀ ਅਤੇ ਗੁੱਜਰਾਂ, ਪਹਾੜੀਆਂ, ਬੱਕਰਵਾਲਾਂ ਤੇ ਦਲਿਤਾਂ ਸਮੇਤ ਵੱਖ-ਵੱਖ ਭਾਈਚਾਰਿਆਂ ਨਾਲ ਨਾਇਨਸਾਫ਼ੀ ਨਹੀਂ ਹੋਣ ਦੇਵੇਗੀ, ਜਿਨ੍ਹਾਂ ਨੂੰ ਸਰਕਾਰ ਨੇ ਰਾਖਵਾਂਕਰਨ ਦਿੱਤਾ ਹੈ।ਉਨ੍ਹਾਂ ਕਿਹਾ, ‘‘ਜੰਮੂ-ਕਸ਼ਮੀਰ ਦੀਆਂ ਆਗਾਮੀ ਚੋਣਾਂ ਇਤਿਹਾਸਕ ਹਨ, ਕਿਉਂਕਿ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਕ ਕੌਮੀ ਝੰਡੇ ਅਤੇ ਇਕ ਸੰਵਿਧਾਨ ਤਹਿਤ ਹੋ ਰਹੀਆਂ ਹਨ, ਨਾ ਕਿ ਬੀਤੇ ਵਾਂਗ ਦੋ ਝੰਡਿਆਂ ਅਤੇ ਦੋ ਸੰਵਿਧਾਨਾਂ ਤਹਿਤ।’’