ਜਾਗਰਣ ਪੱਤਰ ਪ੍ਰੇਰਕ, ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਗੈਰ-ਕਸ਼ਮੀਰੀ ਲੋਕਾਂ ‘ਤੇ ਫਿਰ ਹਮਲਾ ਹੋਇਆ ਹੈ। ਦੱਖਣੀ ਕਸ਼ਮੀਰ ਦੇ ਤਰਾਲ ‘ਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਰਹਿਣ ਵਾਲੇ ਸ਼ੁਭਮ ਕੁਮਾਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਪਰ ਪੁਲਿਸ ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ, ਸ਼ੁਭਮ ਕੁਮਾਰ ਫਿਲਹਾਲ ਹਸਪਤਾਲ ‘ਚ ਇਲਾਜ ਅਧੀਨ ਹੈ।ਸ਼ੁਭਮ ਦੇ ਸੱਜੇ ਹੱਥ ‘ਤੇ ਗੋਲੀ ਲੱਗੀ ਹੈ। ਸਬੰਧਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪੂਰੀ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ।
ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਅੱਤਵਾਦੀਆਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਕੈਂਪ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਇਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਅੱਤਵਾਦੀਆਂ ਨੇ ਇੱਥੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਛੇ ਮਜ਼ਦੂਰਾਂ ਅਤੇ ਇੱਕ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਸੁਰੰਗ ਬਣਾ ਰਹੇ ਮਜ਼ਦੂਰਾਂ ‘ਤੇ ਹਮਲਾ – ਅੱਤਵਾਦੀਆਂ ਨੇ ਇਹ ਹਮਲਾ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ‘ਚ ਸੁਰੰਗ ਬਣਾ ਰਹੇ ਮਜ਼ਦੂਰਾਂ ਦੇ ਕੈਂਪ ‘ਤੇ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਸਾਰੇ ਨੇਤਾਵਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਸੀ।
ਗੰਦਰਬਲ ਅੱਤਵਾਦੀ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੀਆਂ ਤਸਵੀਰਾਂ – ਅੱਤਵਾਦੀ ਹਮਲੇ ਤੋਂ ਬਾਅਦ NIA ਦੀ ਟੀਮ ਜਾਂਚ ਲਈ ਗਗਨਗੀਰ ਪਹੁੰਚੀ ਸੀ। ਹੁਣ ਹਮਲੇ ਦੇ ਤਿੰਨ ਦਿਨ ਬਾਅਦ ਪੁਲਿਸ ਨੂੰ ਅੱਤਵਾਦੀਆਂ ਦੀਆਂ ਤਸਵੀਰਾਂ ਮਿਲੀਆਂ ਹਨ।ਦਰਅਸਲ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਹ ਫੁਟੇਜ ਉਸੇ ਕੈਂਪ ਦੀ ਹੈ ਜਿਸ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਅਜੇ ਤੱਕ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਦੋਵੇਂ ਅੱਤਵਾਦੀ ਪਾਕਿਸਤਾਨੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਮੈੱਸ ਨੇੜੇ ਹੋਇਆ ਇਹ ਹਮਲਾ – ਜਾਣਕਾਰੀ ਮੁਤਾਬਕ ਰਾਤ 8:15 ਵਜੇ ਦੀ ਗੱਲ ਹੈ ਜਦੋਂ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਸੀ। ਇਸ ਸਮੇਂ ਸ਼ਰਾਨਿਕ ਖਾਣਾ ਖਾਣ ਲਈ ਮੈੱਸ ਨੇੜੇ ਪੁਹੰਚੇ ਸੀ। ਮੈੱਸ ਅਤੇ ਪੂਰਾ ਕੈਂਪ ਸੰਘਣੇ ਜੰਗਲਾਂ ਵਿਚ ਸਥਿਤ ਸੀ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਅੱਤਵਾਦੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।