ਸ੍ਰੀਨਗਰ-ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਅੱਜ ਫੌਜੀ ਵਾਹਨ ਦੇ ਖੱਡ ਵਿਚ ਡਿੱਗਣ ਕਰਕੇ ਦੋ ਫੌਜੀਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਉੱਤਰੀ ਕਸ਼ਮੀਰ ਜ਼ਿਲ੍ਹੇ ਵਿਚ ਐੱਸਕੇ ਪਾਇਨ ਨੇੜੇ ਫ਼ੌਜੀ ਵਾਹਨ ਸੜਕ ਤੋਂ ਤਿਲਕ ਕੇ ਖੱਡ ਵਿਚ ਜਾ ਡਿੱਗਾ। ਹਾਦਸੇ ਵਿਚ ਦੋ ਫੌਜੀਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਣਿਆਂ ਨੂੰ ਜ਼ਖ਼ਮੀ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਭਰਤੀ ਕੀਤਾ ਗਿਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਮਸਰਤ ਇਕਬਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਫੌਜੀਆਂ ਨੂੰ ਜਦੋਂ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਬਾਕੀ ਤਿੰਨ ਫੌਜੀਆਂ ਨੂੰ ਮੁੱਢਲੇ ਇਲਾਜ ਮਗਰੋਂ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ ਹੈ।