ਸ੍ਰੀਨਗਰ-ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ’ਚ ਅਤਿਵਾਦ ਵਿਰੋਧੀ ਮੁਹਿੰਮ ਮੰਗਲਵਾਰ ਨੂੰ ਤੀਜੇ ਦਿਨ ਵੀ ਜਾਰੀ ਰਹੀ ਕਿਉਂਕਿ ਸੁਰੱਖਿਆ ਬਲਾਂ ਨੇ ਇਕ ਫੌਜੀ ਦੀ ਹੱਤਿਆ ਦੇ ਪਿੱਛੇ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਤਲਾਸ਼ੀ ਸ਼ੁਰੂ ਕੀਤੀ ਹੋਈ ਸੀ। ਅਧਿਕਾਰੀਆਂ ਨੇ ਇੱਥੇ ਕਿਹਾ, “ਅਤਿਵਾਦੀਆਂ ਦਾ ਪਤਾ ਲਗਾਉਣ ਲਈ ਜ਼ਲੂਰਾ ਗੁਜਰਪਤੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਇਲਾਕਾ ਖਸਤਾ ਹੋਣ ਕਾਰਨ ਅਭਿਆਨ ਵੱਚ ਮੁਸ਼ਕਲਾਂ ਪੇਸ਼ ਆਈਆਂ।”
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਅਤਿਵਾਦੀਆਂ ਨਾਲ ਗੋਲੀਬਾਰੀ ’ਚ ਇਕ ਜਵਾਨ ਸ਼ਹੀਦ ਹੋ ਗਿਆ। ਮਾਰੇ ਗਏ ਸਿਪਾਹੀ ਦੀ ਡਰੋਨ ਫੁਟੇਜ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਹੈ, ਜਿਸ ਸਬੰਧੀ ਪੁਲੀਸ ਨੇ ਲੋਕਾਂ ਨੂੰ ਅਜਿਹੇ ਵੀਡੀਓ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ ਜੋ ਰਾਜ ਦੀ ਸੁਰੱਖਿਆ ਨਾਲ ਸਮਝੌਤਾ ਕਰ ਸਕਦੀਆਂ ਹਨ।
ਸੋਪੋਰ ਪੁਲੀਸ ਨੇ ਆਪਣੇ ਐਕਸ ’ਤੇ ਪੋਸਟ ਕੀਤਾ ਕਿ, “ਇਹ ਰਿਪੋਰਟ ਕੀਤੀ ਜਾਂਦੀ ਹੈ ਕਿ ਕੁਝ ਵਿਅਕਤੀ ਅਜਿਹੀ ਸਰਗਰਮੀ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖੇ ਬਿਨਾਂ ਗੁੱਜਰਪਤੀ/ਜ਼ਲੂਰਾ ਘਟਨਾ ਬਾਰੇ ਸੰਵੇਦਨਸ਼ੀਲ ਵੇਰਵਿਆਂ ਨੂੰ ਪ੍ਰਸਾਰਿਤ/ਸਾਂਝਾ ਕਰ ਰਹੇ ਹਨ। ਸਾਰਿਆਂ ਨੂੰ ਸੂਬੇ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਵਾਲੇ ਗੈਰ-ਜ਼ਿੰਮੇਵਾਰਾਨਾ ਅਭਿਆਸਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ।”