ਜੰਮੂ-ਜੰਮੂ ਡਿਵੀਜ਼ਨ ਦੇ ਛੋਟੇ ਜਿਹੇ ਪਿੰਡ ਵਿੱਚ ਭੇਤਭਰੀ ਬਿਮਾਰੀ ਨੇ 16 ਜਣਿਆਂ ਦੀ ਜਾਨ ਲੈ ਲਈ, ਜਿਸ ਤੋਂ ਅਧਿਕਾਰੀ ਹੈਰਾਨ ਹਨ ਅਤੇ ਪਹਿਲੀ ਮੌਤ ਦੇ ਦੋ ਮਹੀਨਿਆਂ ਬਾਅਦ ਵੀ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਅਸਮਰੱਥ ਹਨ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਬੁੱਢਲ ਦੇ ਐੱਸਪੀ (ਅਪਰੇਸ਼ਨ) ਵਜਾਹਤ ਹੁਸੈਨ ਦੀ ਅਗਵਾਈ ਹੇਠ 11 ਮੈਂਬਰੀ ਸਿੱਟ ਬਣਾਈ ਗਈ ਹੈ। ਜੱਟੀ ਬੇਗ਼ਮ (60) ਨਾਂ ਦੀ ਔਰਤ ਦੀ ਅੱਜ ਮੌਤ ਹੋ ਗਈ ਅਤੇ ਇੱਕ ਹੋਰ ਲੜਕੀ ਇਸ ਸਮੇਂ ਜ਼ਿੰਦਗੀ ਲਈ ਜੂਝ ਰਹੀ ਹੈ। ਪੀੜਤ ਰਾਜੌਰੀ ਜ਼ਿਲ੍ਹੇ ਦੇ ਕੋਟਰੰਕਾ ਸਬ-ਡਿਵੀਜ਼ਨ ਦੇ ਬਢਹਾਲ ਪਿੰਡ ਦੇ ਵਸਨੀਕ ਹਨ ਜਿੱਥੇ ਪਿਛਲੇ ਸਾਲ ਦਸੰਬਰ ਤੋਂ ਤਿੰਨ ਪਰਿਵਾਰਾਂ ਦੇ 16 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਐਤਵਾਰ ਤੋਂ ਹੁਣ ਤੱਕ ਸੱਤ ਜਣੇ ਦਮ ਤੋੜ ਚੁੱਕੇ ਹਨ।
ਉਮਰ ਵੱਲੋਂ ਮੌਤਾਂ ਦੀ ਜਾਂਚ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼-ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਰਾਜੌਰੀ ਜ਼ਿਲ੍ਹੇ ਦੇ ਬਦਹਾਲ ਪਿੰਡ ਵਿੱਚ ਰਹੱਸਮਈ ਬਿਮਾਰੀ ਬਾਰੇ ਚਰਚਾ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਿਹਤ ਤੇ ਪੁਲੀਸ ਅਧਿਕਾਰੀਆਂ ਨੂੰ ਮੌਤਾਂ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਅਤੇ ਮੌਤਾਂ ਦੇ ਕਾਰਨਾਂ ਦਾ ਪਤਾ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਅਬਦੁੱਲਾ ਨੇ ਮੀਟਿੰਗ ਦੌਰਾਨ ਕਿਹਾ, ‘‘ਇਨ੍ਹਾਂ ਮੌਤਾਂ ਦੇ ਕਾਰਨਾਂ ਦਾ ਪਤਾ ਨਾ ਲੱਗਣਾ ਕਾਫ਼ੀ ਚਿੰਤਾਜਨਕ ਹੈ। ਸਰਕਾਰ ਮੂਲ ਕਾਰਨ ਦਾ ਪਤਾ ਲਾਉਣ ਅਤੇ ਸਾਡੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਰੇ ਵਿਭਾਗਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।’’