ਸੰਗਰੂਰ: ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨਾਲ ਗ੍ਰਿਫ਼ਤਾਰ ਕੀਤੇ ਨੌਜਵਾਨ ਤਲਜੀਤ ਸਿੰਘ ਨੂੰ ਅੱਤਵਾਦੀ ਫੰਡਿੰਗ ਤੇ ਹਥਿਆਰ ਸਪਲਾਈ ਕਰਨ ਦੇ ਕੇਸ ਵਿੱਚ ਜ਼ਮਾਨਤ ‘ਤੇ ਰਿਹਾਈ ਮਿਲ ਗਈ ਹੈ। ਕਾਗਜ਼ੀ ਕਾਰਵਾਈ ਪੂਰੀ ਕਰਨ ਮਗਰੋਂ ਉਸ ਨੂੰ ਸੰਗਰੂਰ ਦੀ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ।
ਇਸ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਏਜੰਸੀਆਂ ਆਖ਼ਰੀ ਪਲ ਤੱਕ ਤਲਜੀਤ ਸਿੰਘ ਦੀ ਜੇਲ੍ਹ ’ਚੋਂ ਰਿਹਾਈ ਰੋਕਣ ਲਈ ਚਾਰਾਜੋਈ ਕਰਦੀਆਂ ਰਹੀਆਂ, ਪਰ ਅਦਾਲਤ ਦੇ ਸਪੱਸ਼ਟ ਹੁਕਮ ਹੋਣ ਕਾਰਨ ਤਲਜੀਤ ਸਿੰਘ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਤਲਜੀਤ ਸਿੰਘ ਜੰਮੂ ਕਸ਼ਮੀਰ ਦਾ ਵਸਨੀਕ ਹੈ। ਉਸ ਨੂੰ ਸਪੈਸ਼ਲ ਅਪਰੇਸ਼ਨ ਸੈੱਲ ਨੇ 30 ਨਵੰਬਰ, 2017 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਤਲਜੀਤ ਸਿੰਘ ਦਸ ਸਾਲ ਬਾਅਦ ਇੰਗਲੈਂਡ ਤੋਂ ਭਾਰਤ ਆ ਰਿਹਾ ਸੀ।
ਉਸ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਤਲਜੀਤ ਸਿੰਘ ਨੇ ਆਪਣੀ ਜ਼ਮਾਨਤ ਵਜੋਂ ਇੱਕ ਲੱਖ ਰੁਪਏ ਨਗ਼ਦ ਅਦਾਲਤ ਵਿਚ ਜਮ੍ਹਾਂ ਕਰਵਾਏ ਹਨ। ਤੈਅ ਸਮੇਂ ਵਿੱਚ ਜਾਂਚ ਪੂਰੀ ਨਾ ਹੋਣ ਕਾਰਨ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟ੍ਰੇਟ ਚੇਤਨ ਸ਼ਰਮਾ ਨੇ ਉਨ੍ਹਾਂ ਨੂੰ ਇੱਕ ਲੱਖ ਦੀ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ।
ਤਲਜੀਤ ਸਿੰਘ ਖ਼ਿਲਾਫ਼ ਅੱਧੀ ਦਰਜਨ ਹੋਰ ਵੀ ਮੁਕੱਦਮੇ ਦਰਜ ਹੋਏ ਹਨ। ਉਸ ਨੂੰ ਸਾਰੇ ਕੇਸਾਂ ਵਿੱਚ ਜ਼ਮਾਨਤ ਮਿਲ ਗਈ ਹੈ, ਹਾਲਾਂਕਿ ਉਸ ਨਾਲ ਗ੍ਰਿਫ਼ਤਾਰ ਕੀਤੇ ਜੱਗੀ ਜੌਹਲ ਨੂੰ ਕੁਝ ਮੁਕੱਦਮਿਆਂ ਵਿਚ ਜ਼ਮਾਨਤ ਮਿਲਣੀ ਅਜੇ ਬਾਕੀ ਹੈ। ਜਾਂਚ ਏਜੰਸੀਆਂ ਦੀ ਬੇਨਤੀ ’ਤੇ ਭਾਰਤ ਸਰਕਾਰ ਨੇ ਤਲਜੀਤ ਸਿੰਘ ਦਾ ਪਾਸਪੋਰਟ ਸਸਪੈਂਡ ਕਰ ਦਿੱਤਾ ਹੈ ਤੇ ਉਹ ਸਾਰੇ ਮੁਕੱਦਮਿਆਂ ਦੇ ਨਿਬੇੜੇ ਤੱਕ ਵਿਦੇਸ਼ ਨਹੀਂ ਜਾ ਸਕੇਗਾ।