ਵਾਸ਼ਿੰਗਟਨ: ਅਲਕਾਇਦਾ ਦੇ ਸਾਬਕਾ ਮੁਖੀ ਤੇ 9/11 ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਦਾ ਮੁੰਡਾ ਹਮਜ਼ਾ ਬਿਨ ਲਾਦੇਨ ਅੱਤਵਾਦ ਵਿਰੋਧੀ ਅਭਿਆਨ ਵਿੱਚ ਮਾਰਿਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦੀ ਪੁਸ਼ਟੀ ਕੀਤੀ। ਟਰੰਪ ਨੇ ਕਿਹਾ ਕਿ ਹਮਜ਼ਾ ਨੂੰ ‘ਅਫ਼ਗ਼ਾਨਿਸਤਾਨ/ਪਾਕਿਸਤਾਨ ਖੇਤਰ’ ਵਿੱਚ ਮਾਰਿਆ ਗਿਆ ਹੈ। ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਾਰਵਾਈ ਕਦੋਂ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਵੀ ਹਮਜ਼ਾ ਬਿਨ ਲਾਦੇਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਅਮਰੀਕੀ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਸੀ। ਸਾਲ 2017 ਵਿੱਚ ਹਮਜ਼ਾ ਬਿਨ ਲਾਦੇਨ ਨੂੰ ਅਮਰੀਕਾ ਦੁਆਰਾ ਜਾਰੀ ਕੀਤੇ ਗਏ ਅੱਤਵਾਦੀਆਂ ਦੀ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਟਰੰਪ ਨੂੰ ਹਮਜ਼ਾ ਬਾਰੇ ਐਨਬੀਸੀ ਨਿਊਜ਼ ਨੇ ਸਵਾਲ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨਾ ਤਾਂ ਇਸ ਨੂੰ ਸਵੀਕਾਰ ਕੀਤਾ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਸੀ ਕਿ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।