ਅਮਰੀਕੀ ਰਾਸ਼ਟਰਪਤੀ ਟਰੰਪ ਦੋ ਦਿਨੀਂ ਦੌਰੇ ਲਈ ਆਪਣੇ ਪਰਿਵਾਰ ਸਮੇਤ ਅਹਿਮਦਾਬਾਦ ਪਹੁੰਚੇ ਹਨ । ਭਾਰਤ ਦੌਰੇ ਵਿੱਚ ਟਰੰਪ ਦੀ ਪਤਨੀ ਮੰਗਲਵਾਰ ਨੂੰ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰੇਗੀ । ਇਸ ਸਮਾਗਮ ਵਿੱਚ ਮੁੱਖ ਮੰਤਰੀ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਾਮਿਲ ਨਹੀਂ ਹੋਣਗੇ । ਇਸ ਬਾਰੇ ਹੁਣ ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਲਾਨੀਆ ਦੇ ਸਮਾਗਮ ਵਿੱਚ ਕੇਜਰੀਵਾਲ ਤੇ ਸਿਸੋਦੀਆ ਦੀ ਮੌਜੂਦਗੀ ‘ਤੇ ਕੋਈ ਇਤਰਾਜ਼ ਨਹੀਂ ਹੈ ।ਇਸ ਬਾਰੇ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੀ ਮੌਜੂਦਗੀ ‘ਤੇ ਕੋਈ ਇਤਰਾਜ਼ ਨਹੀਂ ਹੈ । ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਸਮਝ ਨੂੰ ਸਰਾਹੁੰਦੇ ਹਨ ਕਿ ਇਹ ਗੈਰ-ਰਾਜਨੀਤਕ ਸਮਾਗਮ ਹੈ । ਜਿਸ ਦਾ ਮਕਸਦ ਸਿੱਖਿਆ, ਸਕੂਲ ਤੇ ਵਿਦਿਆਰਥੀਆਂ ਬਾਰੇ ਸੋਚਣਾ ਹੈ ।ਉੱਥੇ ਹੀ ਦੂਜੇ ਪਾਸੇ ਸਿਸੋਦੀਆ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ, ਅਧਿਆਪਕਾਂ ਤੇ ਵਿਦਿਆਰਥੀਆਂ ਲਈ ਇਹ ਬਹੁਤ ਮਾਣ ਦਾ ਵਿਸ਼ਾ ਹੈ ਕਿ ਅਮਰੀਕਾ ਦੀ ਪਹਿਲੀ ਮਹਿਲਾ ਦਿੱਲੀ ਦੇ ਸਕੂਲ ਦਾ ਦੌਰਾ ਕਰੇਗੀ । ਉਨ੍ਹਾਂ ਕਿਹਾ ਕਿ ਉਹ ਮੇਲਾਨੀਆ ਟਰੰਪ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ । ਦੱਸ ਦਈਏ ਕਿ ਕੇਜਰੀਵਾਲ ਤੇ ਸਿਸੋਦੀਆ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਸੀ, ਪਰ ਬਾਅਦ ਵਿੱਚ ਉਨ੍ਹਾਂ ਦਾ ਨਾਮ ਮਹਿਮਾਨਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਸੀ ।