ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਚੋਣ ਵਿਚ ਧੋਖਾਧੜੀ ਦਾ ਦਾਅਵਾ ਕਰਨ ਵਾਲੀ ਅਮਰੀਕਾ ਦੀ ਰਿਪਬਲਿਕਨ ਐੱਮਪੀ ਮਰਜੋਰੀ ਟੇਲਰ ਗ੍ਰੀਨ ਦਾ ਟਵਿੱਟਰ ਅਕਾਊਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਜਾਰਜੀਆ ਤੋਂ ਐੱਮਪੀ ਗ੍ਰੀਨ ਨੇ ਟਵਿੱਟਰ ‘ਤੇ ਨਸਲੀ ਟਿੱਪਣੀ ਦੇ ਨਾਲ ਹੀ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਸਨ।
ਗ੍ਰੀਨ ਨੇ ਆਪਣਾ ਅਕਾਊਂਟ ਬੰਦ ਕੀਤੇ ਜਾਣ ‘ਤੇ ਟਵਿੱਟਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਰਵਾਈ ਤੋਂ ਪਹਿਲੇ ਉਨ੍ਹਾਂ ਦੀ ਸਫਾਈ ਤਕ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। 46 ਸਾਲਾਂ ਦੀ ਮਹਿਲਾ ਉੱਦਮੀ ਅਤੇ ਹਾਲ ਹੀ ਵਿਚ ਰਾਜਨੀਤੀ ਵਿਚ ਆਈ ਗ੍ਰੀਨ ਜਾਰਜੀਆ ਦੇ 14ਵੇਂ ਡਿਸਟਿ੍ਕਟ ਤੋਂ ਨਵੰਬਰ ਵਿਚ ਐੱਮਪੀ ਚੁਣੀ ਗਈ ਹੈ। ਉਨ੍ਹਾਂ ਦੇ ਇੰਟਰਨੈੱਟ ਮੀਡੀਆ ‘ਤੇ ਚੰਗੀ ਗਿਣਤੀ ਵਿਚ ਫਾਲੋਅਰ ਹਨ। ਐੱਮਪੀ ਗ੍ਰੀਨ ਨੇ ਐਤਵਾਰ ਨੂੰ ਸਥਾਨਕ ਚੈਨਲ ‘ਤੇ ਦਿੱਤੇ ਗਏ ਆਪਣੇ ਇੰਟਰਵਿਊ ਦਾ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤਾ ਸੀ। ਇਸ ਵਿਚ ਚੋਣ ਵਿਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਨਸਲੀ ਟਿੱਪਣੀ ਅਤੇ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਗਏ ਸਨ। ਟਵਿੱਟਰ ਨੇ ਇਸ ਵੀਡੀਓ ਇੰਟਰਵਿਊ ਨੂੰ ਇਤਰਾਜ਼ਯੋਗ ਮੰਨਿਆ ਅਤੇ ਦਲੀਲ ਦਿੱਤੀ ਕਿ ਐੱਮਪੀ ਗ੍ਰੀਨ ਨੇ ਵਿਚਾਰ ਤੋਂ ਹਿੰਸਾ ਭੜਕਣ ਦੀ ਸ਼ੰਕਾ ਹੋ ਸਕਦੀ ਹੈ। ਇਸ ਪਿੱਛੋਂ ਉਨ੍ਹਾਂ ਦਾ ਅਕਾਊਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਐੱਮਪੀ ਗ੍ਰੀਨ ਦੀ ਟੀਮ ਨੇ ਬੰਦ ਅਕਾਊਂਟ ਦਾ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ।