ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੇਸ਼ ਵਿੱਚ ਆ ਕੇ ਤਬਾਹੀ ਮਚਾਉਣ ਵਾਲੇ ਤੂਫ਼ਾਨਾਂ ਨੂੰ ਪਰਮਾਣੂ ਬੰਬਾਂ ਨਾਲ ਠੱਲ੍ਹਣ ਦੀ ਸਲਾਹ ਦਿੱਤੀ ਹੈ। ਟਰੰਪ ਦਾ ਮੰਨਣਾ ਹੈ ਕਿ ਜੇਕਰ ਤੂਫ਼ਾਨਾਂ ‘ਤੇ ਪਰਮਾਣੂ ਬੰਬ ਸੁੱਟੇ ਜਾਣ ਤਾਂ ਉਹ ਬੇਅਸਰ ਹੋ ਜਾਣਗੇ।
ਟਰੰਪ ਦੇ ਇਸ ਬਿਆਨ ਨੂੰ ਐਕਸਿਓਸ ਨਾਂ ਦੀ ਖ਼ਬਰੀ ਵੈੱਬਸਾਈਟ ਨੇ ਛਾਪਿਆ ਹੈ। ਵੈੱਬਸਾਈਟ ਨੇ ਕਿਹਾ ਹੈ ਕਿ ਤੂਫ਼ਾਨਾਂ ਸਬੰਧੀ ਹੋਈ ਬੈਠਕ ਵਿੱਚ ਟਰੰਪ ਨੇ ਇਹ ਜਾਣਨਾ ਚਾਹਿਆ ਕਿ ਕੀ ਅਫ਼ਰੀਕਾ ਦੇ ਸਮੁੰਦਰੀ ਕੰਢੇ ‘ਤੇ ਤੂਫ਼ਾਨ ਬਣਨ ਦੀ ਪ੍ਰਕਿਰਿਆ ਨੂੰ ਰੋਕਣ ਲਈ ਤੂਫ਼ਾਨ ‘ਤੇ ਪਰਮਾਣੂ ਬੰਬ ਸੁੱਟਿਆ ਜਾ ਸਕਦਾ ਹੈ। ਗੁਪਤ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰ ਇਹ ਕਹਿੰਦੇ ਬਾਹਰ ਨਿਕਲ ਗਏ, “ਅਸੀਂ ਇਸ ਦਾ ਕੀ ਕਰੀਏ?”
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਕਿ ਟਰੰਪ ਨੇ ਤੂਫ਼ਾਨ ਰੋਕਣ ਲਈ ਬੰਬ ਸੁੱਟਣ ਦੀ ਗੱਲ ਕਹੀ ਹੋਵੇ। ਉਨ੍ਹਾਂ ਸਾਲ 2017 ਵਿੱਚ ਵੀ ਇੱਕ ਸੀਨੀਅਰ ਅਧਿਕਾਰੀ ਨੂੰ ਪੁੱਛਿਆ ਸੀ ਕਿ ਕੀ ਤੂਫ਼ਾਨਾਂ ਦੇ ਆਉਣ ਤੋਂ ਪਹfਲਾਂ ਹੀ ਉਨ੍ਹਾਂ ‘ਤੇ ਪਰਮਾਣੂ ਬੰਬ ਸੁੱਟਿਆ ਜਾ ਸਕਦਾ ਹੈ। ਖ਼ਬਰ ਮੁਤਾਬਕ ਵ੍ਹਾਈਟ ਹਾਊਸ ਨੇ ਇਸ ‘ਤੇ ਟਿੱਪਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਪਰ ਸੀਨੀਅਰ ਅਧਿਕਾਰੀ ਮੁਤਾਬਕ ਟਰੰਪ ਦਾ ਉਦੇਸ਼ ਬੁਰਾ ਨਹੀਂ ਹੈ।
ਵੈੱਬਸਾਈਟ ਮੁਤਾਬਕ ਸੰਨ 1950 ਵਿੱਚ ਰਾਸ਼ਟਰਪਤੀ ਡਵਾਈਟ ਅਈਜਨਹੋਵਰ ਦੇ ਕਾਰਜਕਾਲ ਵਿੱਚ ਸਰਕਾਰੀ ਵਿਗਿਆਨੀ ਨੇ ਵੀ ਕੁਝ ਅਜਿਹੀ ਸਲਾਹ ਦਿੱਤੀ ਸੀ। ਅਮਰੀਕਾ ਵਿੱਚ ਅਕਸਰ ਹੀ ਤੂਫ਼ਾਨ ਆਉਂਦੇ ਰਹਿੰਦੇ ਹਨ। ਸ਼ੁਕਰ ਹੈ ਹਾਲੇ ਤਕ ਇਸ ਸਲਾਹ ਦੀ ਅਜ਼ਮਾਇਸ਼ ਕਰਕੇ ਨਹੀਂ ਦੇਖੀ ਗਈ।