ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਦੇ ਪਹਿਲੇ ਕਾਰਜਕਾਲ ਦੌਰਾਨ ਦੋਵਾਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ।
ਫਰਾਂਸ ਅਤੇ ਅਮਰੀਕਾ ਦੀ ਆਪਣੀ ਫੇਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਇੱਕ ਏਜੰਡਾ ਵਿਕਸਤ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਵਿੱਚ ਤਕਨਾਲੋਜੀ, ਵਪਾਰ, ਰੱਖਿਆ, ਊਰਜਾ ਅਤੇ ਸਪਲਾਈ ਲੜੀ ਲਚਕੀਲੇਪਣ ਦੇ ਖੇਤਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਟਰੰਪ ਦੇ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਵੇਗੀ। ਉਨ੍ਹਾਂ ਕਿਹਾ, “ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਲਈ ਮਿਲ ਕੇ ਕੰਮ ਕਰਾਂਗੇ ਅਤੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਦਾ ਸਿਰਜਾਂਗੇ।”
ਉਨ੍ਹਾਂ ਕਿਹਾ, “ਮੈਂ ਆਪਣੇ ਦੋਸਤ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਉਤਸੁਕ ਹਾਂ। ਮੈਨੂੰ ਯਾਦ ਹੈ ਕਿ ਅਸੀਂ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਬਣਾਉਣ ਲਈ ਇਕੱਠੇ ਕਿਵੇਂ ਕੰਮ ਕੀਤਾ ਸੀ।”ਮੋਦੀ 10 ਫਰਵਰੀ ਤੋਂ 12 ਫਰਵਰੀ ਤੱਕ ਫਰਾਂਸ ਦਾ ਦੌਰਾ ਕਰਨਗੇ ਅਤੇ ਉੱਥੋਂ ਉਹ ਦੋ-ਰੋਜ਼ਾ ਦੇ ਦੌਰੇ ‘ਤੇ ਅਮਰੀਕਾ ਜਾਣਗੇ। ਮੋਦੀ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ (French President Emmanuel Macron) ਦੇ ਸੱਦੇ ‘ਤੇ ਫਰਾਂਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ‘ਏਆਈ ਐਕਸ਼ਨ ਸਮਿਟ’ (AI Action Summit) ਦੀ ਸਹਿ-ਪ੍ਰਧਾਨਗੀ ਕਰਨ ਲਈ ਉਤਸੁਕ ਹਨ।