ਵ੍ਹਾਈਟ ਹਾਊਸ ਤੋਂ ਸਿਰਫ਼ ਕੁਝ ਦੂਰੀ ‘ਤੇ ਸਥਿਤ ਬਲੈਕ ਲਾਈਵਸ ਮੈਟਰ ਪਲਾਜ਼ਾ ‘ਤੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਨ ਲਈ ਮੰਗਲਵਾਰ ਰਾਤ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਇਕੱਠੇ ਹੋਏ। ਦੋ ਥਾਵਾਂ ‘ਤੇ ਟਰੰਪ ਵਿਰੋਧੀਆਂ ਤੇ ਹਮਾਇਤੀਆਂ ‘ਚ ਝੜਪ ਹੋਣ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਮਾਰਚ ਵੀ ਕੱਢਿਆ ਤੇ ਕਈ ਵਾਰੀ ਆਵਾਜਾਈ ‘ਚ ਰੁਕਾਵਟ ਪਾਉਣ ਦੇ ਨਾਲ ਪਟਾਕੇ ਚਲਾਏ।
ਨਿਊਯਾਰਕ ਸ਼ਹਿਰ ਤੋਂ ਲੈ ਕੇ ਸੀਆਟਲ ਤਕ ਕਈ ਛੋਟੇ-ਮੋਟੇ ਪ੍ਰਦਰਸ਼ਨ ਹੋਏ, ਪਰ ਮਤਦਾਨ ਖ਼ਤਮ ਹੋਣ ਦੇ ਕੁਝ ਘੰਟਿਆਂ ਬਾਅਦ ਪੂਰੇ ਅਮਰੀਕਾ ‘ਚ ਕੁਲ ਮਿਲਾ ਕੇ ਗੰਭੀਰ ਹਿੰਸਾ ਜਾਂ ਗੜਬੜ ਦੇ ਸੰਕੇਤ ਨਹੀਂ ਮਿਲੇ। ਵਾਸ਼ਿੰਗਟਨ ‘ਚ ਪ੍ਰਦਰਸ਼ਨ ਕੁਲ ਮਿਲਾ ਕੇ ਸ਼ਾਂਤੀਪੂਰਨ ਰਿਹਾ। ਲੋਕ ਨਾਅਰੇ ਲਗਾ ਰਹੇ ਸਨ, ‘ਇਹ ਕਿਸ ਦੀ ਸੜਕ ਹੈ! ਸਾਡੀ ਹੈ! ਤੇ ਸਾਨੂੰ ਜੇਕਰ ਨਿਆਂ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੇਗੀ। ਸਮੂਹ ‘ਚ ਸ਼ਾਮਲ ਨੌਜਵਾਨ ਸੜਕ ‘ਤੇ ਨੱਚ ਰਹੇ ਸਨ ਤੇ ਉੱਥੋਂ ਲੰਘਣ ਵਾਲੇ ਮੁਸਕੁਰਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਵਿਸ਼ਾਲ ਬੈਨਰ ਚੁੱਕੇ ਸਨ, ਜਿਨ੍ਹਾਂ ‘ਚੋਂ ਇਕ ‘ਤੇ ਲਿਖਿਆ ਸੀ, ‘ਟਰੰਪ ਹਮੇਸ਼ਾ ਝੂਠ ਬੋਲਦੇ ਹਨ।’ ਇਕ ਥਾਂ ‘ਤੇ ਮਾਰਚ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਉੱਥੇ ਖੜ੍ਹੀ ਪੁਲਿਸ ਦੀ ਗੱਡੀ ਦੇ ਟਾਇਰ ਪੈਂਚਰ ਕਰ ਦਿੱਤੇ। ਪੂਰੇ ਅਮਰੀਕਾ ‘ਚ ਚੋਣਾਂ ਤੋਂ ਪਹਿਲਾਂ ਸੈਂਕੜੇ ਕਾਰੋਬਾਰ ਹਿੰਸਾ ਦੇ ਖਦਸ਼ੇ ਕਾਰਨ ਬੰਦ ਰਹੇ।’ ਵਾਸ਼ਿੰਗਟਨ ਦੀ ਮੇਅਰ ਮੁਰੀਅਲ ਬਾਓਸਰ ਨੇ ਦਿਨ ਵੇਲੇ ਕਿਹਾ, ‘ਕੁਝ ਲੋਕ ਅਫਰਾ ਦਫਰੀ ਤੇ ਸਮੱਸਿਆ ਪੈਦਾ ਕਰਨਾ ਚਾਹੁੰਦੇ ਹਨ।’ ਬਾਓਸਰ ਨੇ ਕਿਹਾ ਕਿ ਕਦੇ ਉਨ੍ਹਾਂ ਨੇ ਦਿਨ ਵੇਲੇ ਏਨੇ ਸਾਰੇ ਕਾਰੋਬਾਰ ਬੰਦ ਨਹੀਂ ਦੇਖੇ। ਇਹ ਦੇਖ ਕੇ ਦੁਖ ਹੁੰਦਾ ਹੈ।