ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਪ੍ਰਤੀਨਿਧ ਸਦਨ ‘ਚ ਮਹਾਦੋਸ਼ ਦਾ ਮਤਾ ਪਾਸ ਹੋ ਗਿਆ ਹੈ। ਮਤੇ ਦੇ ਹੱਕ ‘ਚ 230 ਤੇ ਵਿਰੋਧ ‘ਚ 197 ਵੋਟਾਂ ਪਈਆਂ। ਟਰੰਪ ਨੂੰ ਹੁਣ ਉਪਰਲੇ ਸਦਨ ‘ਚ ਮਹਾਦੋਸ਼ ਦਾ ਸਾਹਮਣਾ ਕਰਨਾ ਪਏਗਾ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਇਤਿਹਾਸ ‘ਚ ਟਰੰਪ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਤੀਜੇ ਰਾਸ਼ਟਰਪਤੀ ਹੋਣਗੇ।
ਟਰੰਪ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਪਾਵਰ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਯੂਕਰੇਨ ਦੇ ਰਾਸ਼ਟਰਪਤੀ ਨੂੰ ਦੋ ਡੈਮੋਕਰੇਟ ਨੇਤਾਵਾਂ ਖ਼ਿਲਾਫ਼ ਜਾਂਚ ਲਈ ਦਬਾਅ ਪਾਇਆ ਸੀ। ਹਾਊਸ ਆਫ਼ ਰਿਪਰੈਜ਼ੈਂਟੇਟਿਵ ‘ਚ ਡੈਮੋਕ੍ਰੇਟਸ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਡੈਮੋਕ੍ਰੇਟ ਦੇ ਇੱਕ ਸੰਸਦ ਮੈਂਬਰ ਨੇ ਕਿਹਾ ਕਿ ਅਮਰੀਕਾ ਦਾ ਵਿਚਾਰ ਖ਼ਤਰੇ ‘ਚ ਹੈ।
ਹੇਠਲੇ ਸਦਨ ‘ਚ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਸੀ ਜਿੱਥੇ ਇਹ ਅਸਾਨੀ ਨਾਲ ਪਾਸ ਵੀ ਹੋ ਗਿਆ। ਹੁਣ ਪ੍ਰਸਤਾਵ ਸੈਨੇਟ ‘ਚ ਜਾਵੇਗਾ ਜਿੱਥੇ ਰਿਪਬਲੀਕਨ ਪਾਰਟੀ ਦਾ ਬਹੁਮਤ ਹੈ ਤੇ ਅਜਿਹਾ ਲੱਗਦਾ ਹੈ ਕਿ ਉੱਥੇ ਟਰੰਪ ਖਿਲਾਫ ਵੋਟਿੰਗ ਹੋਵੇਗੀ। ਸੈਨੇਟ ‘ਚ ਸੁਣਵਾਈ ਦੌਰਾਨ ਰਾਸ਼ਟਰਪਤੀ ਖੁਦ ਹਾਜ਼ਰ ਰਹਿ ਸਕਦੇ ਹਨ ਜਾਂ ਉਨ੍ਹਾਂ ਦਾ ਵਕੀਲ ਮੌਜੂਦ ਰਹਿ ਸਕਦਾ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ ਸੱਤਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਸੈਨੇਟ ‘ਚ ਰਿਪਬਲੀਕਨ ਪਾਰਟੀ ਬਹੁਮਤ ‘ਚ ਹੈ। ਜੇਕਰ ਟਰੰਪ ਖਿਲਾਫ 20 ਜਾਂ ਇਸ ਤੋਂ ਜ਼ਿਆਦਾ ਰਿਪਬਲੀਕਨ ਸਾਂਸਦ ਮੈਂਬਰ ਵੋਟ ਕਰਦੇ ਹਨ ਤਾਂ ਹੀ ਉਨ੍ਹਾਂ ਨੂੰ ਸੱਤਾ ਤੋਂ ਹਟਾਇਆ ਜਾ ਸਕਦਾ ਹੈ ਪਰ ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। ਵ੍ਹਾਈਟ ਹਾਊਸ ਨੇ ਆਪਣੇ ਬਿਆਨ ‘ਚ ਕਿਹਾ ਕਿ ਜਦੋਂ ਤੋਂ ਟਰੰਪ ਨੇ ਅਮਰੀਕਾ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਉਹ ਅਮਰੀਕਾ ਲਈ ਕੰਮ ਕਰ ਰਹੇ ਹਨ ਤੇ ਆਪਣੇ ਕਾਰਜਕਾਲ ਤਕ ਕੰਮ ਕਰਦੇ ਰਹਿਣਗੇ।