ਵੈਟੀਕਨ ਸਿਟੀ (ਆਈਏਐੱਨਐੱਸ) : ਕਾਂਟੇ ਦੀ ਚੋਣ ਲੜਾਈ ਵਿਚ ਫਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਕੈਥੋਲਿਕ ਈਸਾਈਆਂ ਦੇ ਸਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਨੇ ਰਾਸ਼ਟਰਪਤੀ ਚੋਣ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਹੈ। ਪੋਪ ਨਹੀਂ ਚਾਹੁੰਦੇ ਕਿ ਉਨ੍ਹਾਂ ਨਾਲ ਮੁਲਾਕਾਤ ਦਾ ਇਸਤੇਮਾਲ ਅਮਰੀਕੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਜਾਵੇ।
ਵੈਟੀਕਨ ਮੁਤਾਬਕ ਅਮਰੀਕਾ ਵਿਚ ਇਸ ਸਮੇਂ ਚੋਣ ਪ੍ਰਕਿਰਿਆ ਚੱਲ ਰਹੀ ਹੈ। ਅਜਿਹੇ ਸਮੇਂ ਵਿਚ ਪੋਪ ਕਿਸੇ ਸਿਆਸੀ ਆਗੂ ਨੂੰ ਨਹੀਂ ਮਿਲਦੇ। ਪੋਂਪੀਓ ਚਾਰ ਦੇਸ਼ਾਂ ਦੀ ਯਾਤਰਾ ਤਹਿਤ ਵੈਟੀਕਨ ਸਿਟੀ ਪੁੱਜੇ ਸਨ। ਇੱਥੇ ਪੁੱਜਣ ਤੋਂ ਪਹਿਲੇ ਉਨ੍ਹਾਂ ਕਿਹਾ ਸੀ ਕਿ ਚੀਨ ਵਿਚ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਹੋ ਰਿਹਾ ਹੈ ਅਤੇ ਉੱਥੇ ਈਸਾਈਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵੈਟੀਕਨ ਨੂੰ ਅਜਿਹਾ ਲੱਗਾ ਕਿ ਪੋਂਪੀਓ ਅਜਿਹੀ ਬਿਆਨਬਾਜ਼ੀ ਵਿਚ ਪੋਪ ਨੂੰ ਵੀ ਘਸੀਟ ਸਕਦੇ ਹਨ। ਮਿਲਣ ਤੋਂ ਇਨਕਾਰ ਕਰਨ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ। ਚੀਨ ਅਤੇ ਕੈਥੋਲਿਕ ਚਰਚ ਨੂੰ ਲੈ ਕੇ ਪੋਂਪੀਓ ਦੀਆਂ ਟਿੱਪਣੀਆਂ ਤੋਂ ਵੈਟੀਕਨ ਪਹਿਲੇ ਤੋਂ ਹੀ ਨਾਰਾਜ਼ ਹੈ। ਪੋਂਪੀਓ ਨੇ ਇਸੇ ਮਹੀਨੇ ਇਕ ਲੇਖ ਵਿਚ ਕਿਹਾ ਸੀ ਕਿ ਚਰਚ ਚੀਨ ਨਾਲ ਹੋਏ ਸਮਝੌਤੇ ਦਾ ਨਵੀਨੀਕਰਨ ਕਰਨ ਜਾ ਰਿਹਾ ਹੈ। ਅਜਿਹਾ ਕਰਕੇ ਚਰਚ ਆਪਣੀ ਨੈਤਿਕ ਭਰੋਸੇਯੋਗਤਾ ਨੂੰ ਖ਼ਤਰੇ ਵਿਚ ਪਾ ਰਿਹਾ ਹੈ। 2018 ਵਿਚ ਚੀਨ ਅਤੇ ਵੈਟੀਕਨ ਵਿਚਕਾਰ ਇਕ ਸਮਝੌਤਾ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਚੀਨ ਵਿਚ ਸਿਰਫ਼ ਚੀਨੀ ਮੂਲ ਦੇ ਬਿਸ਼ਪ ਦੀ ਨਿਯੁਕਤੀ ਕੀਤੀ ਜਾ ਸਕੇਗੀ। ਅਗਲੇ ਮਹੀਨੇ ਸਮਝੌਤੇ ਦਾ ਨਵੀਨੀਕਰਨ ਹੋਣ ਦੀ ਉਮੀਦ ਹੈ। ਇਸ ਸਮਝੌਤੇ ਸਮੇਂ ਪੋਪ ਨੇ ਉਮੀਦ ਪ੍ਰਗਟਾਈ ਸੀ ਕਿ ਇਸ ਨਾਲ ਪੁਰਾਣੇ ਜ਼ਖ਼ਮਾਂ ਨੂੰ ਭਰਨ ਵਿਚ ਮਦਦ ਮਿਲੇਗੀ ਪ੍ਰੰਤੂ ਅਮਰੀਕਾ ਨੂੰ ਲੱਗਦਾ ਹੈ ਕਿ ਵੈਟੀਕਨ ਵੀ ਚੀਨ ਦੇ ਦਬਾਅ ਵਿਚ ਉਸ ਦੀਆਂ ਸ਼ਰਤਾਂ ਮੰਨ ਰਿਹਾ ਹੈ। ਟਰੰਪ ਅਤੇ ਰਿਪਬਲਿਕਨ ਸਮਰਥਕਾਂ ਦਾ ਮੰਨਣਾ ਹੈ ਕਿ ਪੋਪ ਫਰਾਂਸਿਸ ਚੀਨ ਨੂੰ ਲੈ ਕੇ ਜ਼ਰੂਰਤ ਤੋਂ ਜ਼ਿਆਦਾ ਉਦਾਰ ਹੈ।
ਬੁੱਧਵਾਰ ਨੂੰ ਰੋਮ ਵਿਚ ਪੋਂਪੀਓ ਨੇ ਕਿਹਾ ਕਿ ਦੁਨੀਆ ਵਿਚ ਧਾਰਮਿਕ ਆਜ਼ਾਦੀ ਨੂੰ ਜਿੰਨਾ ਖ਼ਤਰਾ ਚੀਨ ਤੋਂ ਹੈ ਉਸ ਜਿੰਨਾ ਕਿਤੇ ਹੋਰ ਨਹੀਂ। ਵੈਟੀਕਨ ਨੂੰ ਚੀਨ ਵਿਚ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਚਾਹੀਦੀ ਹੈ। ਵੈਟੀਕਨ ਨੇ ਪੋਂਪੀਓ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਉਹ ਚੋਣ ਲਾਭ ਲਈ ਇਸ ਮੁੱਦੇ ਨੂੰ ਉਛਾਲ ਰਹੇ ਹਨ ਅਤੇ ਪੋਪ ਫਰਾਂਸਿਸ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।