ਅਮਰੀਕੀ ਸੰਸਦ ‘ਤੇ ਹਮਲੇ ਪਿੱਛੋਂ ਚੌਤਰਫਾ ਘਿਰੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਪਣੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਗੁਜ਼ਰ ਰਹੇ ਟਰੰਪ ਦੇ ਸਾਰੇ ਅਧਿਕਾਰ ਖੋਹਣ ਅਤੇ 20 ਜਨਵਰੀ ਤੋਂ ਪਹਿਲੇ ਅਹੁਦੇ ਤੋਂ ਹਟਾਉਣ ਲਈ ਡੈਮੋਕ੍ਰੇਟ ਐੱਮਪੀਜ਼ ਨੇ ਕਮਰ ਕੱਸ ਲਈ ਹੈ। ਉਹ ਪਹਿਲੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਪ੍ਰਸਤਾਵ ਪਾਸ ਕਰ ਕੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਕੈਬਨਿਟ ਨੂੰ ਅਪੀਲ ਕਰਨਗੇ। ਜੇਕਰ 24 ਘੰਟੇ ਵਿਚ ਪ੍ਰਸਤਾਵ ‘ਤੇ ਅਮਲ ਨਹੀਂ ਕੀਤਾ ਗਿਆ ਤਾਂ ਸਦਨ ਵਿਚ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੇਟਿਕ ਪਾਰਟੀ ਬਹੁਮਤ ਵਿਚ ਹੈ।
ਪ੍ਰਤੀਨਿਧੀ ਸਭਾ ਦੀ ਸਪੀਕਰ ਅਤੇ ਡੈਮੋਕ੍ਰੇਟ ਨੇਤਾ ਨੈਂਸੀ ਪੈਲੋਸੀ ਨੇ ਐਤਵਾਰ ਨੂੰ ਐਮਪੀਜ਼ ਨੂੰ ਲਿਖੇ ਇਕ ਪੱਤਰ ਰਾਹੀਂ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮਹਾਦੋਸ਼ ਤੋਂ ਪਹਿਲੇ ਸਦਨ ਵਿਚ ਪ੍ਰਸਤਾਵ ਪਾਸ ਕਰ ਕੇ ਟਰੰਪ ਨੂੰ ਹਟਾਉਣ ਲਈ ਉਪ ਰਾਸ਼ਟਰਪਤੀ ਪੈਂਸ ਅਤੇ ਕੈਬਨਿਟ ਨੂੰ ਬਾਕਾਇਦਾ ਅਪੀਲ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ 25ਵੀਂ ਸੰਵਿਧਾਨਕ ਸੋਧ ਦੇ ਨਿਯਮਾਂ ਨੂੰ ਲਾਗੂ ਕਰ ਕੇ ਟਰੰਪ ਦੀ ਤੁਰੰਤ ਛੁੱਟੀ ਕਰ ਦੇਣ। ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਜਾਵੇਗੀ ਕਿ ਜੇਕਰ ਇਸ ਪ੍ਰਸਤਾਵ ‘ਤੇ ਅਮਲ ਨਾ ਕੀਤਾ ਗਿਆ ਤਾਂ 24 ਘੰਟਿਆਂ ਪਿੱਛੋਂ ਸਦਨ ਵਿਚ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਪ੍ਰਸਤਾਵ ‘ਤੇ ਮੰਗਲਵਾਰ ਤਕ ਵੋਟਿੰਗ ਕਰਾਉਣ ਦੀ ਤਿਆਰੀ ਕੀਤੀ ਗਈ ਹੈ। ਪੇਲੋਸੀ ਨੇ ਕਿਹਾ ਕਿ ਸਾਡੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਸਾਨੂੰ ਤੁਰੰਤ ਕਦਮ ਚੁੱਕਣਾ ਹੋਵੇਗਾ ਕਿਉਂਕਿ ਰਾਸ਼ਟਰਪਤੀ ਟਰੰਪ ਦੇ ਅਹੁਦੇ ‘ਤੇ ਬਣੇ ਰਹਿਣ ਨਾਲ ਲੋਕਤੰਤਰ ਅਤੇ ਸੰਵਿਧਾਨ ਨੂੰ ਖ਼ਤਰਾ ਹੈ। ਉਧਰ, ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਐੱਮਪੀਜ਼ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਮਹਾਦੋਸ਼ ਲਈ ਦੋਸ਼ਾਂ ਦਾ ਮਸੌਦਾ ਤਿਆਰ ਕਰ ਲਿਆ ਹੈ। ਇਸ ‘ਤੇ ਐਤਵਾਰ ਰਾਤ ਤਕ 210 ਡੈਮੋਕ੍ਰੇਟ ਐੱਮਪੀਜ਼ ਨੇ ਦਸਤਖ਼ਤ ਕਰ ਦਿੱਤੇ ਸਨ। ਉਨ੍ਹਾਂ ਨੇ ਮੁੱਖ ਤੌਰ ‘ਤੇ ਭੀੜ ਨੂੰ ਉਕਸਾਉਣ ਦੇ ਦੋਸ਼ ਵਿਚ ਮਹਾਦੋਸ਼ ਦੀ ਤਿਆਰੀ ਕੀਤੀ ਹੈ।
ਦੱਸਣਯੋਗ ਹੈ ਕਿ ਟਰੰਪ ਦੇ ਉਕਸਾਵੇ ‘ਤੇ ਪਿਛਲੇ ਬੁੱਧਵਾਰ ਨੂੰ ਹਜ਼ਾਰਾਂ ਸਮਰਥਕਾਂ ਨੇ ਕੈਪੀਟਲ ਕਹੀ ਜਾਣ ਵਾਲੀ ਸੰਸਦ ਦੀ ਇਮਾਰਤ ‘ਤੇ ਧਾਵਾ ਬੋਲਿਆ ਸੀ। ਕਰੀਬ ਚਾਰ ਘੰਟੇ ਦੇ ਹੰਗਾਮੇ ਦੌਰਾਨ ਜੰਮ ਕੇ ਭੰਨਤੋੜ ਅਤੇ ਗੋਲ਼ੀਬਾਰੀ ਹੋਈ ਸੀ। ਇਸ ਵਿਚ ਪੰਜ ਲੋਕਾਂ ਦੀ ਮੌਤ ਹੋਈ ਸੀ। ਹਮਲੇ ਦੌਰਾਨ ਸੰਸਦ ਵਿਚ ਬਾਇਡਨ ਦੀ ਜਿੱਤ ‘ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ। ਉਹ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਕੀ ਹੈ 25ਵੀਂ ਸੰਵਿਧਾਨਕ ਸੋਧ
25ਵੀਂ ਸੰਵਿਧਾਨਕ ਸੋਧ ਤਹਿਤ ਉਪ ਰਾਸ਼ਟਰਪਤੀ ਅਤੇ ਕੈਬਨਿਟ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਦੇਣ। ਇਹ ਕਦਮ ਉਸ ਸਥਿਤੀ ਵਿਚ ਚੁੱਕਣ ਦੀ ਵਿਵਸਥਾ ਹੈ ਜਿਸ ਵਿਚ ਰਾਸ਼ਟਰਪਤੀ ਆਪਣੇ ਸੰਵਿਧਾਨਕ ਕਰਤੱਵਾਂ ਦਾ ਪਾਲਣ ਨਾ ਕਰ ਰਹੇ ਹੋਣ।
ਰਿਪਬਲਿਕਨ ਵੀ ਵਿਰੋਧ ‘ਚ ਉਤਰੇ
ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਐੱਮਪੀਜ਼ ਵੀ ਹੁਣ ਖੁੱਲ੍ਹ ਕੇ ਬੋਲਣ ਲੱਗੇ ਹਨ। ਉਹ ਚਾਹੁੰਦੇ ਹਨ ਕਿ ਟਰੰਪ ਅਸਤੀਫ਼ਾ ਦੇ ਦੇਣ। ਰਿਪਬਲਿਕਨ ਸੈਨੇਟਰ ਪੈਟ ਟੋਮੀ ਨੇ ਕਿਹਾ ਕਿ ਟਰੰਪ ਤੁਰੰਤ ਅਹੁਦਾ ਛੱਡ ਦੇਣ। ਇਸ ਤੋਂ ਪਹਿਲੇ ਰਿਪਬਲਿਕਨ ਸੈਨੇਟਰ ਲਿਸਾ ਮੁਰਕੋਵਸਕੀ ਨੇ ਕਿਹਾ ਕਿ ਟਰੰਪ ਅਸਤੀਫ਼ਾ ਦੇ ਕੇ ਦੂਰ ਚਲੇ ਜਾਣ ਜਦਕਿ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਬੇਲ ਨੇ ਕਿਹਾ ਕਿ ਸੰਸਦ ‘ਤੇ ਹਮਲੇ ਪਿੱਛੋਂ ਉਹ ਹੁਣ ਖ਼ੁਦ ਨੂੰ ਰਿਪਬਲਿਕਨ ਨਹੀਂ ਕਹਿਣਗੇ।