PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ

ਵਾਸ਼ਿੰਗਟਨ-ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਮਗਰੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ। ਟਰੰਪ ਨੇ ਪਿਛਲੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਲਗਾਤਾਰ ਇੱਛਾ ਜਤਾਉਂਦੇ ਰਹੇ ਹਨ। ਟਰੰਪ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਵੀ ਇਸ ਪੇਸ਼ਕਸ਼ ਦਾ ਜ਼ਿਕਰ ਕਰ ਚੁੱਕੇ ਹਨ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਦੇ ਟਰੂਡੋ ਨਾਲ ਸਬੰਧ ਕੋਈ ਬਹੁਤੇ ਚੰਗੇ ਨਹੀਂ ਰਹੇ ਸਨ। ਉਧਰ ਕੈਨੇਡਾ ਨੇ ਟਰੰਪ ਦੀ ਇਸ ਤਜਵੀਜ਼ ’ਤੇ ਕੋਈ ਤਵੱਜੋ ਨਹੀਂ ਦਿੱਤੀ ਹੈ।

ਟਰੰਪ ਨੇ ਸੋਸ਼ਲ ਮੀਡੀਆ ਮੰਚ ‘ਟਰੁਥ ਸੋਸ਼ਲ’ ਉੱਤੇ ਇਕ ਪੋਸਟ ਵਿਚ ਕਿਹਾ, ‘‘ਕੈਨੇਡਾ ਵਿਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਇੱਛੁਕ ਹਨ। ਅਮਰੀਕਾ ਵੱਡੇ ਵਪਾਰਕ ਘਾਟੇ ਤੇ ਸਬਸਿਡੀ ਨੂੰ ਸਹਿਣ ਨਹੀਂ ਕਰ ਸਕਦਾ, ਜਿਸ ਦੀ ਕੈਨੇਡਾ ਨੂੰ ਆਪਣਾ ਵੱਕਾਰ ਬਚਾ ਕੇ ਰੱਖਣ ਲਈ ਲੋੜ ਹੈ। ਜਸਟਿਨ ਟਰੂਡੋ ਨੂੰ ਇਹ ਪਤਾ ਸੀ ਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।’’ ਟਰੰਪ ਨੇ ਕਿਹਾ, ‘‘ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾ ਕੋਈ ਟੈਕਸ ਹੋਵੇਗਾ। ਟੈਕਸ ਬਹੁਤ ਘੱਟ ਹੋ ਜਾਣਗੇ ਤੇ ਉਹ ਰੂਸੀ ਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ, ਜੋ ਲਗਾਤਾਰ ਉਨ੍ਹਾਂ ਨੂੰ ਘੇਰੀ ਰੱਖਦੇ ਹਨ। ਨਾਲ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਬਣੇਗਾ।’’

Related posts

ਰਾਹੁਲ ਨੇ ਬਦਲਿਆ ਮੋਦੀ ਦਾ ਨਾਂ, ਜਾਣੋ ਕੀ ਰੱਖਿਆ ਨਵਾਂ ਨਾਮ

On Punjab

ਝੌਂਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ

On Punjab

ਸਾਫ ਸੁਥਰੇ ਗੀਤ ਹੀ ਚੰਗੇ

Pritpal Kaur