ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਸਾਰੇ 1500 ਲੋਕਾਂ ਨੂੰ ਉਨ੍ਹਾਂ ਦੇ ਅਪਰਾਧ ਲਈ ਮੁਆਫ਼ੀ ਦੇ ਦਿੱਤੀ ਹੈ। ਇਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ੀ ਹਨ। ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਆਪਣੀਆਂ ਮੁਆਫ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਅਤੇ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ’ਚ ਕਿਸੇ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਜਾਂਚ ਤੇ ਕੇਸ ਖਤਮ ਕਰ ਦਿੱਤਾ ਹੈ। ਟਰੰਪ ਨੇ ਅਟਾਰਨੀ ਜਨਰਲ ਨੂੰ ਛੇ ਜਨਵਰੀ ਦੇ ਦੋਸ਼ੀਆਂ ਖ਼ਿਲਾਫ਼ ਦਾਇਰ ਤਕਰੀਬਨ 450 ਕੇਸ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਉਨ੍ਹਾਂ ‘ਵ੍ਹਾਈਟ ਹਾਊਸ’ ’ਚ ਵਾਪਸੀ ਤੋਂ ਪਹਿਲਾਂ ਕਿਹਾ ਸੀ ਕਿ ਉਹ ਛੇ ਜਨਵਰੀ ਦੇ ਦੋਸ਼ੀਆਂ ਦੇ ਹਰ ਮਾਮਲੇ ’ਤੇ ਗੌਰ ਕਰਨਗੇ।
ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ’ਤੇ 25 ਫੀਸਦ ਟੈਕਸ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਦੇ ਸਮੇਂ ਦੋ ਮੁਲਕਾਂ ’ਤੇ ਟੈਕਸ ਲਾਉਣ ਸਬੰਧੀ ਪੁੱਛੇ ਜਾਣ ’ਤੇ ਟਰੰਪ ਨੇ ਜਵਾਬ ਦਿੱਤਾ, ‘ਅਸੀਂ ਮੈਕਸੀਕੋ ਤੇ ਕੈਨੇਡਾ ’ਤੇ 25 ਫੀਸਦ ਟੈਕਸ ਲਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਹਨ।’ ਉਨ੍ਹਾਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਵੀ ਕੈਨੇਡਾ ਤੇ ਮੈਕਸੀਕੋ ਨੂੰ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ। ਟਰੰਪ ਨੇ ਚੀਨ ਨੂੰ ਵੀ ਦਰਾਮਦ ’ਤੇ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਹੈ।