ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਹਾਲ ਹੀ ‘ਚ ਨੋਬਲ ਪੁਰਸਕਾਰ ਲਈ ਨੌਮੀਨੇਟ ਕੀਤਾ ਗਿਆ ਸੀ। ਇਜ਼ਰਾਇਲ ਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸ਼ਾਂਤੀ ਸਮਝੌਤਾ ਕਰਾਉਣ ਲਈ ਟਰੰਪ ਨੂੰ ਇਸ ਪੁਰਸਕਾਰ ਲਈ ਨੌਮੀਨੇਟ ਕੀਤਾ ਗਿਆ ਸੀ। ਹੁਣ ਟਰੰਪ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਦਿਖਾਈ ਦੇ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਚੀਨ ਸੀਮਾ ਵਿਵਾਦ ‘ਤੇ ਟਿੱਪਣੀ ਕੀਤੀ ਹੈ। ਟਰੰਪ ਨੇ ਵੀਰਵਾਰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਤੇ ਚੀਨ ਮੌਜੂਦਾ ਸਰਹੱਦੀ ਵਿਵਾਦ ਦਾ ਹੱਲ ਜਲਦੀ ਹੀ ਕੱਢ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਇਕ ਵਾਰ ਫਿਰ ਦੋਵਾਂ ਏਸ਼ੀਆਈ ਦੇਸ਼ਾਂ ਲਈ ਮਦਦ ਦੀ ਪੇਸ਼ਕਸ਼ ਕੀਤੀ।
ਡੌਨਾਲਡ ਟਰੰਪ ਨੇ ਵਾਈਟ ਹਾਊਸ ‘ਚ ਪੱਤਰਕਾਰਾਂ ਨੂੰ ‘ਕਿਹਾ ਮੈਨੂੰ ਪਤਾ ਹੈ ਕਿ ਚੀਨ ਤੇ ਭਾਰਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਉਹ ਇਸ ਨਾਲ ਨਜਿੱਠ ਲੈਣਗੇ। ਉਨ੍ਹਾਂ ਕਿਹਾ ਜੇਕਰ ਅਸੀਂ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਮਦਦ ਕਰਨਾ ਚਾਹਾਂਗੇ।ਰਾਸ਼ਟਰਪਤੀ ਦਾ ਇਹ ਬਿਆਨ ਇਸ ਵੇਲੇ ਆਇਆ ਜਦੋਂ ਕੁਝ ਦਿਨ ਪਹਿਲਾਂ ਹੀ ਭਾਰਤ ਤੇ ਚੀਨ ਦੇ ਸੀਨੀਅਰ ਫੌਜੀ ਕਮਾਂਡਰਾਂ ਨੇ ਕਈ ਮਹੀਨਿਆਂ ਤੋਂ ਲੱਦਾਖ ‘ਚ LAC ‘ਤੇ ਜਾਰੀ ਵਿਵਾਦ ਦਾ ਹੱਲ ਕੱਢਣ ਲਈ ਵਾਰਤਾ ਕੀਤੀ ਸੀ। ਇਸ ਦਰਮਿਆਨ ਵਾਲ ਸਟ੍ਰੀਟ ਜਰਨਲ ਨੇ ਆਪਣੀ ਇਕ ਖ਼ਬਰ ‘ਚ ਕਿਹਾ ਸੀ ਕਿ ਸਰਹੱਦੀ ਸੰਘਰਸ਼ ਭਾਰਤ ਨੂੰ ਇਕ ਅਨਿਯਮਿਤ ਪ੍ਰਕਿਰਿਆ ਲਈ ਉਕਸਾ ਰਿਹਾ ਹੈ।