ਲੰਡਨ: ਬ੍ਰਿਟੇਨ ਵਿੱਚ ਇੱਕ ਟਰੱਕ ’ਚੋਂ ਮਿਲੀਆਂ 39 ਲਾਸ਼ਾਂ ਦੀ ਪਛਾਣ ਹੋ ਗਈ ਹੈ। ਇਹ ਸਾਰੇ ਚੀਨੀ ਨਾਗਰਿਕ ਸਨ। ਇਹ ਐਲਾਨ ਬ੍ਰਿਟਿਸ਼ ਪੁਲਿਸ ਨੇ ਵੀਰਵਾਰ ਨੂੰ ਕੀਤਾ। ਇਸੇ ਦੌਰਾਨ ਉੱਤਰੀ ਆਇਰਲੈਂਡ ਵਾਸੀ ਟਰੱਕ ਚਾਲਕ ਤੋਂ 31 ਪੁਰਸ਼ਾਂ ਤੇ ਅੱਠ ਮਹਿਲਾਵਾਂ ਦੀ ਹੱਤਿਆ ਦੇ ਸ਼ੱਕ ਦੇ ਖ਼ਦਸ਼ੇ ਤਹਿਤ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਉੱਤਰੀ ਆਇਰਲੈਂਡ ਵਿੱਚ ਅਧਿਕਾਰੀਆ ਵੱਲੋਂ ਤਿੰਨ ਥਾਵਾਂ ’ਤੇ ਛਾਪੇ ਵੀ ਮਾਰੇ ਗਏ ਹਨ। ਕੌਮੀ ਅਪਰਾਧ ਏਜੰਸੀ ਨੇ ਕਿਹਾ ਕਿ ਉਸ ਵੱਲੋਂ ‘ਜਥੇਬੰਦਕ ਅਪਰਾਧ ਸਮੂਹਾਂ’ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਵੱਲੋਂ ਇਸ ਕਾਂਡ ਵਿੱਚ ਭੂਮਿਕਾ ਨਿਭਾਈ ਗਈ ਹੋ ਸਕਦੀ ਹੈ।
ਬੀਬੀਸੀ ਦੀ ਰਿਪੋਰਟ ਅਨੁਸਾਰ ਪੁਲਿਸ ਵੱਲੋਂ ਲਾਰੀ ਚਾਲਕ ਮੋ ਰੌਬਿਨਸਨ (25) ਤੋਂ ਵੀ 39 ਹੱਤਿਆਵਾਂ ਦੇ ਖ਼ਦਸ਼ੇ ਤਹਿਤ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕੰਟੇਨਰ ਥੇਮਸ ਦਰਿਆ ’ਤੇ ਪਰਫਲੀਟ ਵਿੱਚ ਬੈਲਜੀਅਮ ਦੇ ਜ਼ੀਬਰੂਜੀ ਤੋਂ ਪੁੱਜਿਆ ਸੀ।