ਨਵੀਂ ਦਿੱਲੀ: ਹੈਕਰਸ ਨੇ ਨਾਮੀ ਲੋਕਾਂ ਦੇ ਟਵਿਟਰ ਅਕਾਊਂਟ ਹੈਕ ਕਰ ਲਏ। ਇਸ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਏਮੇਜ਼ਨ ਸੀਈਓ ਜੇਫ ਬੋਜੋਸ, ਵਾਰੇਨ ਬਫੇਟ, ਬਿਲ ਗੇਟਸ, ਐਲਨ ਮਸਕ, ਜੋ ਬਾਇਡੇਨ ਸਮੇਤ ਕਈ ਲੋਕ ਸ਼ਾਮਲ ਹਨ। ਟਵਿਟਰ ਦੇ ਇਤਿਹਾਸ ‘ਚ ਇਹ ਹੁਣ ਤਕ ਦੀ ਸੁਰੱਖਿਆ ‘ਚ ਸਭ ਤੋਂ ਵੱਡੀ ਸੰਨ੍ਹ ਲੱਗੀ ਹੈ।
ਹੈਕ ਕੀਤੇ ਗਏ ਵੈਰੀਫਾਈਡ ਅਕਾਊਂਟ ਤੋਂ ਪੋਸਟ ਕਰਕੇ ਬਿਟਕੁਆਇਨ ਦੇ ਨਾਂਅ ‘ਤੇ ਦਾਨ ਮੰਗਿਆ ਗਿਆ। ਦੁਨੀਆਂ ਦੀਆਂ ਦਿੱਗਜ਼ ਕੰਪਨੀਆਂ ‘ਚ ਸ਼ਾਮਲ ਉਬਰ ਅਤੇ ਐਪਲ ਦੇ ਟਵਿਟਰ ਅਕਾਊਂਟ ਵੀ ਹੈਕਰਾਂ ਦੇ ਸ਼ਿਕਾਰ ਹੋਏ।ਬਿਲ ਗੇਟਸ ਦੇ ਅਕਾਊਂਟ ਤੋਂ ਕੀਤੇ ਟਵੀਟ ‘ਚ ਲਿਖਿਆ “ਹਰ ਕੋਈ ਮੈਨੂੰ ਸਮਾਜ ਨੂੰ ਵਾਪਸ ਦੇਣ ਲਈ ਕਹਿੰਦਾ ਰਿਹਾ ਹੈ ਤੇ ਹੁਣ ਉਹ ਸਮਾਂ ਆ ਗਿਆ ਹੈ। ਤੁਸੀਂ ਮੈਨੂੰ ਇਕ ਹਜ਼ਾਰ ਡਾਲਰ ਭੇਜੋ ਮੈਂ ਤਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜੂੰਗਾ।” ਕਈ ਹੋਰ ਲੋਕਾਂ ਨੇ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ।
ਬਿਟਕੁਆਇਨ ਸਕੈਮ ਹੈਕਿੰਗ ਦੀ ਘਟਨਾ ਸਾਹਮਣੇ ਆਉਣ ਮਗਰੋਂ ਸੈਂਕੜੇ ਲੋਕ ਹੈਕਰਾਂ ਦੇ ਜਾਲ ‘ਚ ਫਸ ਗਏ। ਉਨ੍ਹਾਂ ਇਕ ਲੱਖ ਡਾਲਰ ਤੋਂ ਵੱਧ ਰਕਮ ਭੇਜ ਦਿੱਤੀ। ਪ੍ਰਮੁੱਖ ਹਸਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਸਫਾਈ ਪੇਸ਼ ਕੀਤੀ। ਉਨ੍ਹਾਂ ਕਿਹਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਜਲਦ ਹੀ ਬਿਆਨ ਜਾਰੀ ਕੀਤਾ ਜਾਵੇਗਾ।ਘਟਨਾ ਦੀ ਜਾਂਚ ਹੋਣ ਤਕ ਪਾਸਵਰਡ ਰੀਸੈੱਟ ਤੇ ਟਵੀਟ ਵੀ ਨਹੀਂ ਕੀਤੇ ਜਾ ਸਕਣਗੇ। ਦਿਲਚਸਪ ਗੱਲ ਇਹ ਹੈ ਕਿ ਟਵਿਟਰ ‘ਤੇ ਹੈਕ ਕੀਤੀ ਗਏ ਪੋਸਟ ਦੇ ਸਾਹਮਣੇ ਆਉਣ ਮਗਰੋਂ ਕੁਝ ਮਿੰਟਾਂ ‘ਚ ਹੀ ਇਹ ਟਵੀਟ ਡਿਲੀਟ ਹੋ ਗਏ।