ਐਲਨ ਮਸਕ ਵੱਲੋਂ ਟਵਿੱਟਰ ਨੂੰ ਐਕੁਆਇਰ ਕਰਨ ਤੋਂ ਬਾਅਦ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ ਕਿ ਸੀਈਓ ਪਰਾਗ ਅਗਰਵਾਲ ਨੂੰ ਕੱਢਿਆ ਜਾ ਸਕਦਾ ਹੈ। ਇਸ ਦੀ ਵੱਡੀ ਵਜ੍ਹਾ ਫ੍ਰੀ ਸਪੀਚ ਨੂੰ ਲੈ ਕੇ ਮਸਕ ਨਾਲ ਉਨ੍ਹਾਂ ਦੇ ਮਤਭੇਦ ਹਨ। ਜਿੱਥੇ ਪਰਾਗ ਟਵਿੱਟਰ ਨੂੰ ਇਕ ਫ੍ਰੀ ਸਪੀਚ ਪਲੇਟਫਾਰਮ ਮੰਨਦੇ ਹਨ ਉੱਥੇ ਮਸਕ ਕੰਪਨੀ ਪਾਲਿਸੀ ਤੇ ਸੈਂਸਰਸ਼ਿਪ ਦਾ ਵਿਰੋਧ ਕਰਦੇ ਹਨ। ਪਰਾਗ ਅਗਰਵਾਲ ਨੇ ਆਪਣੇ ਤਾਜ਼ਾ ਟਵੀਟ ’ਚ ਕਿਹਾ, ‘ਮੈਂ ਇਹ ਜੌਬ ਟਵਿੱਟਰ ਨੂੰ ਬਿਹਤਰ ਬਣਾਉਣ ਲਈ ਕੀਤੀ ਸੀ ਤੇ ਲੋਡ਼ ਮੁਤਾਬਕ ਸਰਵਿਸ ਨੂੰ ਚੰਗਾ ਕੀਤਾ ਹੈ। ਮੈਨੂੰ ਆਪਣੇ ਲੋਕਾਂ ’ਤੇ ਮਾਣ ਹੈ, ਜਿਨ੍ਹਾਂ ਨੇ ਇੰਨੇ ਰੌਲੇ ਦੇ ਬਾਵਜੂਦ ਫੋਕਸ ਤੇ ਤਤਪਰਤਾ ਨਾਲ ਕੰਮ ਕਰਨਾ ਜਾਰੀ ਰੱਖਿਆ।’ ਪਰਾਗ ਦੇ ਇਸ ਟਵੀਟ ’ਤੇ ਪੈਰੋਡੀ ਅਕਾਊਂਟ ‘ਨਾਟ ਪਰਾਗ ਅਗਰਵਾਲ’ ਨੇ ਜਵਾਬ ਦਿੱਤਾ, ‘ਮੈਨੂੰ ਅਜਿਹਾ ਲੱਗਾ ਕਿ ਮੈਨੂੰ ਕੱਢ ਦਿੱਤਾ ਗਿਆ ਹੈ।’ ਇਸ ’ਤੇ ਸੀਈਓ ਨੇ ਕਿਹਾ, ‘ਨਹੀਂ ਅਸੀਂ ਹਾਲੇ ਵੀ ਇੱਥੇ ਹਾਂ।’ ਦੱਸਣਯੋਗ ਹੈ ਕਿ ਟਵਿੱਟਰ ਤੋਂ ਪਰਾਗ ਅਗਰਵਾਲ ਦੀ ਵਿਦਾਈ ਇੰਨੀ ਆਸਾਨ ਨਹੀਂ ਹੈ। ਜੇਕਰ ਮਸਕ ਉਨ੍ਹਾਂ ਨੂੰ ਹਟਾਉਂਦੇ ਹਨ ਤਾਂ ਉਨ੍ਹਾਂ ਨੂੰ 321 ਕਰੋਡ਼ ਰੁਪਏ ਦੇਣੇ ਪੈਣਗੇ।
ਮੁਲਾਜ਼ਮਾਂ ਨੂੰ ਪਰਾਗ ਨੇ ਕਿਹਾ, ਮਸਕ ਜਲਦੀ ਦੂਰ ਕਰਨਗੇ ਚਿੰਤਾਵਾਂ
ਨਵੀਂ ਦਿੱਲੀ (ਆਈਏਐੱਨਐੱਸ) : ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆਂ ਪਰਾਗ ਅਗਰਵਾਲ ਦਾ ਆਡੀਓ ਸਾਹਮਣੇ ਆਇਆ ਹੈ। ਆਡੀਓ ’ਚ ਪਰਾਗ ਮੁਲਾਜ਼ਮਾਂ ਨੂੰ ਕਹਿੰਦੇ ਹਨ ਕਿ ਮਸਕ ਜਲਦੀ ਹੀ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰਨਗੇ। ਅਸੀਂ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਲਿਆਉਣ ਦੇ ਤਰੀਕੇ ਲੱਭਾਂਗੇ। ਇਕ ਵਾਰ ਸੌਦਾ ਪੂਰਾ ਹੋ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਫ਼ੈਸਲੇ ਲਏ ਜਾਣਗੇ। ਹਾਲਾਂਕਿ ਉਦੋਂ ਤਕ ਕਿਸੇ ਤਰ੍ਹਾਂ ਦੀ ਛਾਂਟੀ ਨਹੀਂ ਹੋਵੇਗੀ। ਉਧਰ, ਮਸਕ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਟਵਿੱਟਰ ਡੀਐੱਮ ਕੋਲ ਸਿਗਨਲ ਦੀ ਤਰ੍ਹਾਂ ਐਂਡ ਟੂ ਐਂਡ ਇਨਕ੍ਰਿਪਸ਼ਨ ਹੋਣੀ ਚਾਹੀਦੀ ਹੈ, ਤਾਂਕਿ ਨਾ ਤਾਂ ਕੋਈ ਤੁਹਾਡੇ ਸੰਦੇਸ਼ਾਂ ਦੀ ਜਾਸੂਸੀ ਕਰ ਸਕੇ ਤੇ ਨਾ ਹੀ ਉਸ ਨੂੰ ਹੈਕ ਕਰ ਸਕੇ। ਦੱਸਣਯੋਗ ਹੈ ਕਿ ਕੰਪਨੀ ਦੇ ਬੋਰਡ ਵੱਲੋਂ ਐਕੁਆਇਰ ਬੋਲੀ ਸਵੀਕਾਰ ਕਰਨ ਤੋਂ ਬਾਅਦ ਮਸਕ ਉਨ੍ਹਾਂ ਬਦਲਾਵਾਂ ਬਾਰੇ ਟਵੀਟ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਟਵਿੱਟਰ ’ਚ ਲਿਆਉਣਾ ਚਾਹੁੰਦੇ ਹਨ। ਇਸ ’ਚ ਫ੍ਰੀ ਸਪੀਚ ਤੋਂ ਲੈ ਕੇ ਇਸ ਦੇ ਐਲਗੋਰਿਦਮ ਨੂੰ ਓਪਨ ਸੋਰਸ ਬਣਾਉਣਾ ਸ਼ਾਮਲ ਹੈ।