ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ‘ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇਕ ਅੰਦੋਲਨਕਾਰੀ ਨੂੰ ਅੱਗ ਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਅੰਦੋਲਨ ‘ਤੇ ਫਿਰ ਸਵਾਲਾਂ ਦੇ ਘੇਰੇ ‘ਚ ਹਨ।
ਬਹਾਦੁਰਗੜ੍ਹ ਬਾਈਪਾਸ ‘ਤੇ ਪਿੰਡ ਕਸਾਰ ਕੋਲ ਅੰਦੋਲਨ ‘ਚ ਗਏ ਪਿੰਡ ਕਸਾਰ ਦੇ ਇਕ ਵਿਅਕਤੀ ਨੂੰ ਤੇਲ ਛਿੜਕ ਕੇ ਅੱਗ ਲਾ ਦਿੱਤੀ। ਗੰਭੀਰ ਰੂਪ ਤੋਂ ਝੁਲਸੇ ਵਿਅਕਤੀ ਦੀ ਕੁਝ ਘੰਟਿਆਂ ਦੌਰਾਨ ਮੌਤ ਹੋ ਗਈ। ਜੀਂਦ ਦੇ ਇਕ ਅੰਦੋਲਨਕਾਰੀ ‘ਤੇ ਤੇਲ ਛਿੜਕ ਕੇ ਅੱਗ ਲਾਉਣ ਦਾ ਦੋਸ਼ ਹੈ। ਘਟਨਾ ਵਾਲੇ ਸਥਾਨ ‘ਤੇ ਮੁਲਜ਼ਮ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਉਹ ਜਾਤੀਗਤ ਟਿੱਪਣੀ ਕਰ ਰਿਹਾ ਸੀ। ਅੰਦੋਲਨ ‘ਚ ਸ਼ਹੀਦ ਹੋਣ ਦਾ ਨਾਂ ਦੇ ਕੇ ਕਸਾਰ ਨਿਵਾਸੀ ਮੁਕੇਸ਼ ‘ਤੇ ਤੇਲ ਛਿੜਕਿਆ ਗਿਆ ਤੇ ਫਿਰ ਅੱਗ ਲਾਈ ਗਈ। ਇਸ ਤੋਂ ਪਹਿਲਾਂ ਉਸ ਨੂੰ ਸ਼ਰਾਬ ਵੀ ਪਿਲਾਈ ਗਈ।
ਮ੍ਰਿਤਕ ਦੇ ਭਰਾ ਦੇ ਬਿਆਨ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹੱਤਿਆ ਦੇ ਕਾਰਨਾਂ ਦਾ ਸਪਸ਼ਟ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਿੰਡ ਕਸਾਰ ਨਿਵਾਸੀ ਮਦਨ ਲਾਲ ਪੁੱਤਰ ਜਗਦੀਸ਼ ਨੇ ਦੱਸਿਆ ਕਿ ਮੇਰਾ ਭਰਾ ਮੁਕੇਸ਼ ਬੁੱਧਵਾਰ ਸ਼ਾਮ ਲਗਪਗ 5 ਵਜੇ ਘਰੋਂ ਘੁੰਮਣ ਲਈ ਨਿਕਲਿਆ ਸੀ, ਜੋ ਕਿਸਾਨ ਅੰਦੋਲਨਕਾਰੀਆਂ ਕੋਲ ਪਹੁੰਚ ਗਿਆ। ਮੈਨੂੰ ਫੋਨ ਤੋਂ ਪਤਾ ਚਲਿਆ ਕਿ ਤੁਹਾਡੇ ਭਰਾ ‘ਤੇ ਅੰਦੋਲਨਕਾਰੀਆਂ ਨੇ ਜਾਨ ਤੋਂ ਮਾਰਨ ਦੀ ਨੀਯਤ ਨਾਲ ਤੇਲ ਛਿੜਕ ਕੇ ਅੱਗ ਲਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਦਾ ਕੁਝ ਦੇਰ ਬਾਅਦ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕੀਤਾ ਜਾਵੇਗਾ।