ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਕੁਝ ਲੋਕ ਕੋਰੋਨਾ ਖ਼ਿਲਾਫ਼ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਅਜਿਹੇ ਲੋਕਾਂ ‘ਚ ਵਾਰ-ਵਾਰ ਇਨਫੈਕਸ਼ਨ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ। ਇਕ ਨਵੇਂ ਅਧਿਐਨ ‘ਚ ਇਸ ਦੇ ਪ੍ਰਤੀ ਅਗਾਹ ਕੀਤਾ ਗਿਆ ਹੈ। ਅਧਿਐਨ ਮੁਤਾਬਕ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਸੁਭਾਵਿਕ ਤੌਰ ‘ਤੇ ਬਣਨ ਵਾਲੀ ਇਮਿਊਨਿਟੀ ਸਰੀਰ ‘ਚ ਘੱਟ ਸਮੇਂ ਤਕ ਰਹਿੰਦੀ ਹੈ। ਇਕ ਵਾਰ ਕੋਰੋਨਾ ਦੀ ਲਪੇਟ ‘ਚ ਆਉਣ ਤੋਂ ਬਾਅਦ ਵੀ ਕੋਈ ਟੀਕਾ ਨਹੀਂ ਲਗਵਾਉਂਦਾ ਤਾਂ ਦੁਬਾਰਾ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਅਧਿਐਨ ਦੇ ਮੁੱਖ ਖੋਜਕਰਤਾ ਤੇ ਅਮਰੀਕਾ ਦੇ ਯੇਲ ਸਕੂਲ ਆਫ ਪਬਲਿਕ ਹੈਲਥ ਦੇ ਪ੍ਰਰੋਫੈਸਰ ਜੈਫਰੀ ਟਾਊਨਸੈਂਡ ਨੇ ਕਿਹਾ, ‘ਦੁਬਾਰਾ ਇਨਫੈਕਸ਼ਨ ਤਿੰਨ ਮਹੀਨੇ ਜਾਂ ਇਸ ਤੋਂ ਵੀ ਘੱਟ ਸਮੇਂ ‘ਚ ਹੀ ਸਕਦਾ ਹੈ। ਇਸ ਲਈ ਜੋ ਲੋਕ ਇਨਫੈਕਸ਼ਨ ਦੀ ਲਪੇਟ ‘ਚ ਆ ਚੁੱਕੇ ਹਨ, ਉਨ੍ਹਾਂ ਨੂੰ ਟੀਕਾ ਲਗਵਾ ਲੈਣਾ ਚਾਹੀਦਾ ਹੈ। ਪਹਿਲਾਂ ਇਨਫੈਕਸ਼ਨ ਨਾਲ ਬਣੀ ਇਮਿਊਨਿਟੀ ਘੱਟ ਸਮੇਂ ਲਈ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ। ਖੋਜਕਰਤਾਵਾਂ ਮੁਤਾਬਕ ਇਹ ਸਿੱਟਾ ਦੁਬਾਰਾ ਇਨਫੈਕਟਿਡ ਹੋਣ ਵਾਲੇ ਲੋਕਾਂ ਤੇ ਇਮਿਊਨਿਟੀ ਸਬੰਧੀ ਡਾਟਾ ਦੇ ਵਿਸ਼ਲੇਸ਼ਣ ਦੇ ਆਦਾਰ ‘ਤੇ ਕੱਿਢਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਈ ਨਵੇਂ ਵੇਰੀਐਂਟ ਪਾਏ ਜਾ ਚੁੱਕੇ ਹਨ। ਇਨ੍ਹਾਂ ‘ਚ ਕੁਝ ਬਹੁਤ ਜ਼ਿਆਦਾ ਇਨਫੈਕਸ਼ਨ ਵਾਲੇ ਹਨ। ਇਸ ਸਥਿਤੀ ‘ਚ ਪਹਿਲਾਂ ਦਾ ਇਮਿਊਨ ਰਿਸਪਾਂਸ (ਪ੍ਰਤੀਰੱਖਿਆ ਪ੍ਰਤੀਕਿਰਿਆ) ਨਵੇਂ ਵੇਰੀਐਂਟ ਖ਼ਿਲਾਫ਼ ਘੱਟ ਅਸਰਦਾਰ ਸਾਬਤ ਹੋ ਰਿਹਾ ਹੈ। ਇਸ ਆਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ‘ਚ ਇਨਫੈਕਟਿਡ ਹੋਣ ਵਾਲੇ ਲੋਕ ਆਉਣ ਵਾਲੇ ਸਮੇਂ ‘ਚ ਮੁੜ ਤੋਂ ਇਸ ਵਾਇਰਸ ਦੀ ਲਪੇਟ ‘ਚ ਆ ਸਕਦੇ ਹਨ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ।