ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ’ਚ ਵੈਕਸੀਨ ਕਾਰਗਰ ਪਾਈ ਜਾ ਰਹੀ ਹੈ। ਵੈਕਸੀਨ ਲੱਗਣ ਨਾਲ ਨਾ ਸਿਰਫ ਗੰਭੀਰ ਇਨਫੈਕਸ਼ਨ ਬਲਕਿ ਮੌਤ ਦਾ ਖ਼ਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਹ ਗੱਲ ਕਈ ਅਧਿਐਨਾਂ ’ਚ ਸਾਹਮਣੇ ਆ ਚੁੱਕੀ ਹੈ। ਹੁਣ ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਤਿੰਨ ਅਧਿਐਨਾਂ ਦੇ ਨਤੀਜਿਆਂ ਨੂੰ ਜਾਰੀ ਕਰ ਕੇ ਕੋਰੋਨਾ ਖ਼ਿਲਾਫ਼ ਟੀਕਾ ਲਗਵਾਉਣ ’ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਅਧਿਐਨਾਂ ਮੁਤਾਬਕ ਟੀਕਾ ਨਾ ਲਗਵਾਉਣ ਵਾਲਿਆਂ ਲਈ ਕੋਰੋਨਾ ਇਨਫੈਕਸ਼ਨ ਜ਼ਿਆਦਾ ਘਾਤਕ ਹੋ ਸਕਦੀ ਹੈ। ਅਜਿਹੇ ਲੋਕਾਂ ’ਚ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਹੋ ਸਕਦਾ ਹੈ।
ਇਹ ਤਿੰਨੇ ਅਧਿਐਨ ਅਮਰੀਕਾ ’ਚ ਕੀਤੇ ਗਏ ਹਨ। ਇਨ੍ਹਾਂ ਅਧਿਐਨਾਂ ’ਚ ਬੀਤੀ ਅਪ੍ਰੈਲ ਤੋਂ ਜੁਲਾਈ ਦੌਰਾਨ 13 ਅਮਰੀਕੀ ਸੂਬਿਆਂ ’ਚ ਕੋਰੋਨਾ ਦੇ 60 ਹਜ਼ਾਰ ਤੋਂ ਵੱਧ ਮਾਮਲਿਆਂ ’ਤੇ ਗੌਰ ਕੀਤਾ ਗਿਆ। ਉਨ੍ਹਾਂ ਲੋਕਾਂ ’ਤੇ ਖ਼ਾਸ ਤੌਰ ’ਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਦਾ ਟੀਕਾਕਰਨ ਪੂਰਾ ਨਹੀਂ ਹੋਇਆ ਸੀ। ਵੈਕਸੀਨ ਲਗਵਾਉਣ ਵਾਲੇ ਲੋਕਾਂ ਦੇ ਮੁਕਾਬਲੇ ਟੀਕਾ ਨਾ ਲਗਵਾਉਣ ਵਾਲਿਆਂ ’ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਸਾਢੇ ਚਾਰ ਗੁਣਾ ਜ਼ਿਆਦਾ ਪਾਇਆ ਗਿਆ, ਜਦੋਂਕਿ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਪਾਇਆ ਗਿਆ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਹਿਰ ਦੇ ਬਾਵਜੂਦ ਵੈਕਸੀਨ ਕਾਫੀ ਅਸਰਦਾਰ ਪਾਈ ਗਈ ਹੈ। ਵੈਕਸੀਨ ਲੱਗਣ ਨਾਲ 654 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਦਾ ਖ਼ਤਰਾ 80 ਫ਼ੀਸਦੀ ਤਕ ਘੱਟ ਹੋ ਗਿਆ, ਜਦੋਂ ਕਿ 18 ਤੋਂ 64 ਸਾਲ ਦੀ ਉਮਰ ਵਾਲਿਆਂ ’ਚ ਇਹ ਖ਼ਤਰਾ 95 ਫ਼ੀਸਦੀ ਤਕ ਘੱਟ ਰਿਹਾ। ਸੀਡੀਸੀ ਦੇ ਨਿਰਦੇਸ਼ਕ ਰੋਸ਼ੇਲ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਤੋਂ ਬਾਅਦ ਇਕ ਅਧਿਐਨਾਂ ਤੋਂ ਅਸੀਂ ਸਾਬਤ ਕੀਤਾ ਹੈ ਕਿ ਵੈਕਸੀਨ ਕੰਮ ਕਰ ਰਹੀ ਹੈ।