ਭਾਰਤੀ ਮੂਲ ਦੀ 15 ਸਾਲਾ ਅਮਰੀਕੀ ਵਿਗਿਆਨੀ ਗੀਤਾਂਜਲੀ ਰਾਓ ਨੇ ਕਿਹਾ ਕਿ ਉਹ ਕੋਰੋਨਾ ਦੇ ਟੀਕੇ ਦੀ ਪ੍ਰਭਾਵਸ਼ਾਲੀ ਵੰਡ ਦਾ ਹੱਲ ਲੱਭਣ ਦੀ ਕੋਸ਼ਿਸ਼ ‘ਚ ਰੁੱਝੀ ਹੈ। ਨਾਲ ਹੀ ਭਵਿੱਖ ‘ਚ ਕੌਮਾਂਤਰੀ ਮਹਾਮਾਰੀਆਂ ਨੂੰ ਰੋਕਣ ਦੇ ਉਪਾਅ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਦੱਸਣਯੋਗ ਹੈ ਕਿ ਟਾਈਮ ਰਸਾਲੇ ਦੀ ਪਹਿਲੀ ‘ਕਿਡ ਆਫ ਦਿ ਈਯਰ’ ਲਈ ਪੰਜ ਹਜ਼ਾਰ ਤੋਂ ਜ਼ਿਆਦਾ ਦਾਅਵੇਦਾਰਾਂ ‘ਚੋਂ ਗੀਤਾਂਜਲੀ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੇ ਤਕਨੀਕ ਦੀ ਵਰਤੋਂ ਕਰ ਕੇ ਦੂਸ਼ਿਤ ਪੀਣ ਵਾਲੇ ਪਾਣੀ ਤੋਂ ਲੈ ਕੇ ਅਫ਼ੀਮ ਦੀ ਲਤ ਤੇ ਸਾਈਬਰ ਬੁਲਿੰਗ ਵਰਗੇ ਮੁੱਦਿਆਂ ਨਾਲ ਨਜਿੱਠਣ ਦੇ ਮਾਮਲਿਆਂ ‘ਚ ਸ਼ਾਨਦਾਰ ਕੰਮ ਕੀਤਾ ਹੈ।
ਇਕ ਮੁਲਾਕਾਤ ‘ਚ ਗੀਤਾਂਜਲੀ ਨੇ ਕਿਹਾ ਕਿ ਉਹ ਟੀਕੇ ਦੀ ਵੰਡ ਲਈ ਤਕਨੀਕ ਆਧਾਰਿਤ ਉਪਕਰਨਾਂ ਦੇ ਇਸਤੇਮਾਲ ‘ਤੇ ਧਿਆਨ ਕੇਂਦਰ ਕਰ ਰਹੀ ਹੈ। ਪ੍ਰਭਾਵਸ਼ਾਲੀ ਟੀਕੇ ਦੀ ਵੰਡ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ ਚੁਣੌਤੀ ਹੈ। ਗੀਤਾਂਜਲੀ ਨੇ ਕਿਹਾ, ‘ਮੈਂ ਯਕੀਨੀ ਹੀ ਕੌਮਾਂਤਰੀ ਮਹਾਮਾਰੀ ਨਾਲ ਨਜਿੱਠਣ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ। ਸਾਡੇ ਸਾਹਮਣੇ ਅਗਲੀ ਸਭ ਤੋਂ ਵੱਡੀ ਚੁਣੌਤੀ ਟੀਕਿਆਂ ਦੀ ਵੰਡ ਤੇ ਟੀਕਾ ਦੇਣ ਸਬੰਧੀ ਤਰਜੀਹ ਤੈਅ ਕਰਨਾ ਹੈ। ਮੈਂ ਇਸ ਨੂੰ ਆਪਣੇ ਡਾਟਾ ਤੇ ਵਿਸ਼ਲੇਸ਼ਣਾਤਮਕ ਦਿ੍ਸ਼ਟੀਕੋਣ ਨਾਲ ਦੇਖ ਰਹੀ ਹਾਂ।’ ਉਨ੍ਹਾਂ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਟੀਕਾ ਲਾਏ ਜਾਣ ਦੀ ਜ਼ਰੂਰਤ ਹੈ, ਅਜਿਹੇ ‘ਚ ਵਿਚਾਰ ਕਰ ਰਹੀ ਹਾਂ ਕਿ ਟੀਕਾ ਵੰਡ ਦੀ ਯੋਜਨਾ ਬਣਾਉਣ ਲਈ ਭਵਿੱਖ ਸੂਚਕ ਵਿਸ਼ਲੇਸ਼ਣ ਤੇ ਡਾਟਾ ਮਾਡਲ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਗੀਤਾਂਜਲੀ ਨੇ ਕਿਡ ਆਫ ਦਿ ਈਯਰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਈ। ਆਪਣੇ ਕੰਮਾਂ ਰਾਹੀਂ ਕਈ ਲੋਕਾਂ ਲਈ ਪ੍ਰਰੇਰਨਾ ਬਣੀ ਗੀਤਾਂਜਲੀ ਆਪਣੀ ਮਾਂ ਭਾਰਤੀ ਤੇ ਪਿਤਾ ਰਾਮ ਰਾਓ ਤੇ ਪਰਿਵਾਰ ਨੂੰ ਆਪਣੀ ਸਭ ਤੋਂ ਵੱਡੀ ਪ੍ਰਰੇਰਨਾ ਦੱਸਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਵਿਗਿਆਨ, ਤਕਨੀਕ ਇੰਜੀਨੀਅਰਿੰਗ ਤੇ ਗਣਿਤ ਦੇ ਖੇਤਰ ‘ਚ ਅਧਿਐਨ ਦੇ ਮੌਕੇ ਮਿਲਣ।