62.42 F
New York, US
April 23, 2025
PreetNama
ਖਬਰਾਂ/News

ਟੀਚੇ ਤੋਂ ਭਟਕਾਉਂਦੀਆਂ ਗ਼ੈਰ-ਜ਼ਰੂਰੀ ਉਲਝਣਾਂ

ਅੱਜ ਸਮਾਜ ਅਤੇ ਦੇਸ਼ ਨਾਲ ਜੁੜੇ ਹਰ ਮੁੱਦੇ ‘ਤੇ ਵੱਡੇ ਅਤੇ ਸਮਝਦਾਰ ਕਹਾਉਣ ਅਤੇ ਖ਼ੁਦ ਨੂੰ ਅਜਿਹਾ ਮੰਨਣ ਵਾਲੇ ਨੇਤਾਵਾਂ ਵਿਚ ਮਤਭੇਦ ਹਨ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਤਰਕ ਦੇ ਰਹੀਆਂ ਹਨ। ਸੜਕ ਤੋਂ ਲੈ ਕੇ ਸੰਸਦ ਅਤੇ ਵਿਧਾਨ ਸਭਾਵਾਂ ਤਕ ਹਾਏ-ਤੌਬਾ ਮਚੀ ਹੋਈ ਹੈ। ਇਨ੍ਹਾਂ ਭੱਦਰਪੁਰਸ਼ਾਂ ਦੇ ਆਚਰਨ ਨੂੰ ਦੇਖ ਕੇ ਲੋਕ ਕੰਧ ਨਾਲ ਮੱਥਾ ਮਾਰ ਰਹੇ ਹਨ। ਰਾਜਨੀਤੀ ਦੇ ਸਿਖ਼ਰਲੇ ਵਿਚਾਰ-ਚਰਚਾ ਦੇ ਮੰਦਰ ਵਿਚ ਮੁੱਦਿਆਂ ਦੀ ਖੋਜ ਅਤੇ ਬੇਸਿਰ-ਪੈਰ ਦੀ ਤਰਕ-ਪ੍ਰਣਾਲੀ, ਚਰਚਾ ਦਾ ਪੱਧਰ ਅਤੇ ਨੀਤੀਆਂ ਦੇ ਅਰਥ-ਅਨਰਥ ਅਤੇ ਤੱਥਾਂ ਅਤੇ ਘਟਨਾਵਾਂ ਦੀ ਆਪੋ-ਆਪਣੇ ਹਿਸਾਬ ਨਾਲ ਵਿਆਖਿਆ ਦੇਖ ਕੇ ਲੋਕ ਦੰਦਾਂ ਹੇਠਾਂ ਉਂਗਲੀਆਂ ਦਬਾ ਰਹੇ ਹਨ। ਸਮਾਜਿਕ ਅਤੇ ਰਾਸ਼ਟਰੀ ਸਵਾਲਾਂ ਨੂੰ ਦਰਕਿਨਾਰ ਕਰ ਕੇ ਹੁਕਮਰਾਨ ਤੇ ਵਿਰੋਧੀ ਧਿਰ ਆਏ ਦਿਨ ਇਕ-ਦੂਜੇ ਨੂੰ ਪਛਾੜਨ ਦੀ ਮੁਹਿੰਮ ਵਿਚ ਰੁੱਝ ਜਾਂਦੀਆਂ ਹੈ ਅਤੇ ਉਸ ਦਾ ਨਜ਼ਾਰਾ ਬਹੁਤ ਜ਼ਿਆਦਾ ਦੁਖੀ ਕਰਨ ਵਾਲਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਦੀ ਲਾਮਬੱਧਤਾ ਜਿਨ੍ਹਾਂ ਤਰਕੀਬਾਂ ਦੀ ਮਦਦ ਨਾਲ ਹੋਣ ਲੱਗੀ ਹੈ, ਉਹ ਚਿੰਤਾ ਦਾ ਕਾਰਨ ਹਨ। ਜਿਸ ਸਹਿਣਸ਼ੀਲ ਸਿਆਸਤ ਦੀ ਪਰਿਪੱਕਤਾ ਦੀ ਉਮੀਦ ਕੀਤੀ ਸੀ ਉਹ ਉੱਭਰਦੇ ਸਿਆਸੀ ਮੁਹਾਂਦਰੇ ਵਿਚ ਲੋਪ ਹੁੰਦੀ ਜਾ ਰਹੀ ਹੈ। ਸਾਰੇ ਸਿਰਫ਼ ਸੱਤਾ ਲਈ ਉਤਾਵਲੇ ਨਜ਼ਰ ਆਉਂਦੇ ਹਨ ਅਤੇ ਇਸ ਉਤਾਵਲੇਪਣ ਵਿਚ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਚੋਣ ਜੰਗ ਦੌਰਾਨ ਨਾਅਰਿਆਂ, ਵਾਅਦਿਆਂ, ਸੁਝਾਵਾਂ ਅਤੇ ਐਲਾਨਾਂ ਆਦਿ ਦੀ ਮਦਦ ਨਾਲ ਜਨਤਾ ਨੂੰ ਭਰਮਾਉਣ ਦੌਰਾਨ ਜੋ ਕੁਝ ਵੀ ਕਿਹਾ-ਸੁਣਿਆ ਗਿਆ ਉਹ ਥੋੜ੍ਹ ਚਿਰੀ ਯਾਦਦਾਸ਼ਤ ਵਿਚ ਹੀ ਰਹਿ ਜਾਂਦਾ ਹੈ। ਸੱਤਾ ਵਿਚ ਆਉਣ ਤੋਂ ਬਾਅਦ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਮੁਸ਼ਕਲ ਹੋ ਜਾਂਦੀ ਹੈ। ਵਿਆਪਕ ਲੋਕ ਭਲਾਈ ਪ੍ਰਤੀ ਜੋ ਸੰਵੇਦਨਾ ਅਤੇ ਲਗਾਅ ਚਾਹੀਦਾ ਹੁੰਦਾ ਹੈ ਉਹ ਜਲਦ ਹੀ ਅਦ੍ਰਿਸ਼ ਹੋਣ ਲੱਗਦਾ ਹੈ। ਜੋ ਕੀਤਾ ਜਾਂਦਾ ਹੈ ਉਹ ਜ਼ਮੀਨੀ ਦਿਖਾਵੇ ਤਕ ਹੀ ਰਹਿ ਜਾਂਦਾ ਹੈ ਅਤੇ ਉਸ ਵਿਚ ਵੀ ਮਾੜੇ ਸਵਾਰਥੀ ਅਨਸਰ ਹਰਕਤ ਵਿਚ ਆ ਜਾਂਦੇ ਹਨ। ਸਿੱਟੇ ਵਜੋਂ ਅਸੀਂ ਆਪਣੇ ਟੀਚੇ ਤੋਂ ਭਟਕ ਜਾਂਦੇ ਹਾਂ ਅਤੇ ਗ਼ੈਰ-ਜ਼ਰੂਰੀ ਉਲਝਣਾਂ ਸਹੇੜ ਲੈਂਦੇ ਹਾਂ। ਜ਼ਮੀਨੀ ਹਕੀਕਤ ਵਿਚ ਤਬਦੀਲੀ ਲਿਆਉਣ ਲਈ ਜਿਸ ਸਮਰਪਣ ਅਤੇ ਦੂਰ-ਦ੍ਰਿਸ਼ਟੀ ਦੀ ਜ਼ਰੂਰਤ ਹੁੰਦੀ ਹੈ ਉਹ ਅਕਸਰ ਨਦਾਰਦ ਰਹਿੰਦੀ ਹੈ। ਇਸ ਤਰ੍ਹਾਂ ਦੇ ਘਾਤਕ ਰੁਝਾਨ ਦੀ ਸਭ ਤੋਂ ਤਾਜ਼ਾ ਮਿਸਾਲ ਸਿੱਖਿਆ ਦੇ ਖੇਤਰ ਦੀ ਵੱਡੇ ਪੱਧਰ ‘ਤੇ ਹੋ ਰਹੀ ਅਣਦੇਖੀ ਹੈ। ਬੁੱਧੀ ਅਤੇ ਤਰਕ ਤੋਂ ਦੂਰ ਹੁੰਦੇ ਜਾ ਰਹੇ ਅਜਿਹੇ ਨਿਰਾਸ਼ਾਜਨਕ ਸਿਆਸੀ ਮਾਹੌਲ ਵਿਚ ਰਾਸ਼ਟਰੀ ਵਿਗਿਆਨ ਕਾਂਗਰਸ ਪ੍ਰੀਸ਼ਦ ਦੇ ਸਮਾਪਤ ਹੋਏ ਤਾਜ਼ਾ ਸਾਲਾਨਾ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਵਿਗਿਆਨਕ ਖੋਜ ਵਿਚ ਸਾਜ਼ਗਾਰ ਹਾਲਾਤ ਦੀ ਬਹੁਤ ਕਮੀ ਵੱਲ ਧਿਆਨ ਦਿਵਾਇਆ ਅਤੇ ਉਸ ਵਿਚ ਸੁਧਾਰ ਲਿਆ ਕੇ ਉਸ ਨੂੰ ਸ੍ਰੇਸ਼ਟ ਬਣਾਉਣ ਲਈ ਸਿੱਖਿਆ ਜਗਤ ਖ਼ਾਸ ਤੌਰ ‘ਤੇ ਉੱਚ ਸਿੱਖਿਆ ਦੀ ਦੁਨੀਆ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਭਾਰਤੀ ਸਮਾਜ ਲਈ ‘ਜੈ ਵਿਗਿਆਨ’ ਦਾ ਨਾਅਰਾ ਦੇ ਕੇ ਮਹੱਤਵਪੂਰਨ ਸੰਦੇਸ਼ ਦਿੱਤਾ। ਇਹ ਯਕੀਨਨ ਇਕ ਸਵਾਗਤਯੋਗ ਪਹਿਲ ਹੈ ਜਿਸ ਨੂੰ ਅਮਲ ਵਿਚ ਲਿਆਉਣ ਦੀ ਜ਼ਰੂਰਤ ਹੈ। 21ਵੀਂ ਸਦੀ ਵਿਚ ਇਕ ਖ਼ੁਸ਼ਹਾਲ ਅਤੇ ਹਰ ਤਰ੍ਹਾਂ ਨਾਲ ਸਮਰੱਥ ਅਤੇ ਮਜ਼ਬੂਤ ਭਾਰਤ ਦਾ ਸੁਪਨਾ ਸੱਚ ਹੋਵੇ, ਉਸ ਟੀਚੇ ਲਈ ਇਸ ਪਾਸੇ ਕੰਮ ਕਰਨ ਨੂੰ ਤਰਜੀਹ ਦੇਣ ਦੀ ਲੋੜ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਵਿਗਿਆਨ ਨੂੰ ਲੈ ਕੇ ਇਸ ਤਰ੍ਹਾਂ ਦੀ ਸੋਚ ਯਕੀਨਨ ਮਹੱਤਵ ਰੱਖਦੀ ਹੈ ਜਿੱਥੇ ਅੱਜ ਵੀ ਤੰਤਰ-ਮੰਤਰ ਦੇ ਜਾਲ ਵਿਚ ਪਰਿਵਾਰ ਦਾ ਪਰਿਵਾਰ ਖ਼ੁਦਕੁਸ਼ੀ ਕਰ ਲੈਂਦਾ ਹੈ ਅਤੇ ਮਨੁੱਖੀ ਬਲੀ ਤਕ ਦੀਆਂ ਘਟਨਾਵਾਂ ਸੁਣਨ ਵਿਚ ਆਉਂਦੀਆਂ ਹਨ। ਹਰ ਤਬਕੇ ਵਿਚ ਜਾਦੂ-ਟੂਣਾ, ਟੋਟਕਾ ਵਰਗੀਆਂ ਗ਼ੈਬੀ ਸ਼ਕਤੀਆਂ ਅਤੇ ਵਾਧੂ ਭਰੋਸਾ ਹਾਲੇ ਬਰਕਰਾਰ ਹੈ। ਮੰਦਰ, ਮਸਜਿਦ ਆਦਿ ਭਜਨ ਅਤੇ ਸ਼ਾਂਤੀ ਦੇ ਸਥਾਨ ਜ਼ਮੀਨ-ਜਾਇਦਾਦ ਅਤੇ ਧਨ-ਦੌਲਤ ਦੀ ਗਹਿਮਾ-ਗਹਿਮੀ ਦੇ ਮਾਮਲਿਆਂ ਨਾਲ ਜੁੜਦੇ ਜਾ ਰਹੇ ਹਨ। ਕਾਬਿਲੇਗ਼ੌਰ ਹੈ ਕਿ ਬੀਤੇ ਸਾਲਾਂ ਵਿਚ ਕਈ ਅਖੌਤੀ ਬਾਬਿਆਂ, ਗੁਰੂਆਂ ਦੇ ਮਾੜੇ ਕਰਮਾਂ ਦਾ ਪਰਦਾਫਾਸ਼ ਹੋਇਆ ਹੈ ਅਤੇ ਅੱਜ ਉਨ੍ਹਾਂ ‘ਚੋਂ ਕਈ ਜੇਲ੍ਹ ਵਿਚ ਹਨ। ਇਹ ਸਭ ਸਮਾਜ ਵਿਚ ਨਾ ਸਿਰਫ਼ ਵਿਗਿਆਨਕ ਦ੍ਰਿਸ਼ਟੀ ਦੇ ਅਸੰਤੁਲਿਤ ਵਿਕਾਸ ਨੂੰ ਦਰਸਾਉਂਦਾ ਹੈ ਬਲਕਿ ਭੌਤਿਕ ਖ਼ੁਸ਼ਹਾਲੀ ਦੀ ਤੇਜ਼ ਲਾਲਸਾ ਨੂੰ ਵੀ ਪ੍ਰਗਟਾਉਂਦਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਖੌਤੀ ਬਾਬਿਆਂ ਅਤੇ ਤਾਂਤਰਿਕਾਂ ਆਦਿ ਦੇ ਚੁੰਗਲ ਵਿਚ ਜ਼ਿਆਦਾਤਰ ਲੋਕ ਆਪਣੀ ਭੌਤਿਕ ਖ਼ੁਸ਼ਹਾਲੀ ਨੂੰ ਵਧਾਉਣ, ਸੰਕਟ ਦੂਰ ਕਰਨ ਅਤੇ ਮਨੋਕਾਮਨਾ ਦੀ ਪੂਰਤੀ ਦੀ ਉਮੀਦ ਲੈ ਕੇ ਹੀ ਫਸਦੇ ਹਨ। ਉਨ੍ਹਾਂ ਨੂੰ ਸੁੱਖ ਦੀ ਤਲਾਸ਼ ਲਈ ਇਹ ਸ਼ਾਰਟਕੱਟ ਵਾਲੀ ਗਲੀ ਲੱਗਦੀ ਹੈ ਜੋ ਤੁਰੰਤ ਇੱਛਾ ਪੂਰਤੀ ਦਾ ਮਾਰਗ ਸੁਖਾਲਾ ਕਰ ਦਿੰਦੀ ਹੈ ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਧਰਮ ਅਤੇ ਰੂਹਾਨੀਅਤ ਮਨੁੱਖ ਦੀ ਹੋਂਦ ਨਾਲ ਜੁੜੀ ਇਕ ਮੁੱਢਲੀ ਜ਼ਰੂਰਤ ਵੀ ਹੈ। ਇਸ ਲਈ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ਲਈ ਜਾਂ ਪੂਰਨ ਮਨੁੱਖਤਾ ਦੇ ਵਿਕਾਸ ਲਈ ਸਿਰਫ਼ ਭੌਤਿਕ ਪੱਖ ‘ਤੇ ਹੀ ਜ਼ੋਰ ਦੇਣਾ ਨਾਕਾਫ਼ੀ ਹੋਵੇਗਾ। ਪੱਛਮੀ ਦੁਨੀਆ ਵਿਚ ਜਿੱਥੇ ਅੱਜ ਭੌਤਿਕਤਾਵਾਦ ਦਾ ਬੋਲਬਾਲਾ ਦਿਖਾਈ ਦੇ ਰਿਹਾ ਹੈ, ਉੱਥੇ ਦਾ ਸਮਾਜ ਮਾਨਸਿਕ ਅਤੇ ਸਮਾਜਿਕ ਵਿਕਾਰਾਂ ਦਾ ਜਿਸ ਤਰ੍ਹਾਂ ਸ਼ਿਕਾਰ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਉਸ ਤੋਂ ਸਬਕ ਲੈਂਦੇ ਹੋਏ ਸਾਨੂੰ ਭੌਤਿਕਤਾਵਾਦੀ ਨਜ਼ਰੀਏ ਦੇ ਖ਼ਤਰਿਆਂ ਨੂੰ ਪਛਾਣਨਾ ਹੋਵੇਗਾ। ਮੌਜੂਦਾ ਹਾਲਾਤ ਸਹਿਜ ਤੇ ਸੁਭਾਵਿਕ ਰੂਹਾਨੀ ਵਿਕਾਸ ਅਤੇ ਵਿਗਿਆਨਕ ਦ੍ਰਿਸ਼ਟੀ ਦੋਵਾਂ ਦੀ ਜ਼ਰੂਰਤ ਵੱਲ ਇਸ਼ਾਰਾ ਕਰਦੇ ਹਨ। ਸਮਾਜ ਵਿਚ ਵਿਆਪਕ ਤੌਰ ‘ਤੇ ਵਿਗਿਆਨ ਅਤੇ ਰੂਹਾਨੀਅਤ ਦੋਵਾਂ ਦੇ ਵੱਕਾਰ ਬਣ ਸਕੇ, ਇਸ ਪਾਸੇ ਜੀਅਤੋੜ ਕੰਮ ਕਰਨਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਦੁਆਰਾ ‘ਜੈ ਵਿਗਿਆਨ’ ਦਾ ਸੱਦਾ ਭਾਰਤੀ ਸਮਾਜ ਦੇ ਨਵੀਨੀਕਰਨ ਲਈ ਸੱਦਾ ਹੈ ਜੋ ਪ੍ਰਤੱਖ ਤੌਰ ‘ਤੇ ਸਿੱਖਿਆ ਵਿਚ ਸੁਧਾਰ ਦੀ ਉਮੀਦ ਕਰਦਾ ਹੈ। ਸਮਾਜ ਦੇ ਨਿਰਮਾਣ ਲਈ ਸਿੱਖਿਆ ਦੇ ਮਹੱਤਵ ਨੂੰ ਲੈ ਕੇ ਜਿੰਨੀ ਸਹਿਮਤੀ ਸਾਰੀਆਂ ਸਿਆਸੀ ਪਾਰਟੀਆਂ ਵਿਚ ਹੈ ਓਨੀ ਸ਼ਾਇਦ ਹੀ ਕਿਸੇ ਦੂਜੇ ਵਿਸ਼ੇ ‘ਚ ਪਾਈ ਜਾਂਦੀ ਹੋਵੇ। ਅਜਿਹੀ ਸਥਿਤੀ ਵਿਚ ਇਹ ਉਮੀਦ ਬੱਝਦੀ ਹੈ ਕਿ ਖੋਜ ਹਾਲਾਤ ਨੂੰ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਰਮਨ, ਸਾਹਾ, ਬਸੂ ਤੇ ਰਾਮਾਨੁਜਨ ਆਦਿ ਭਾਰਤ ਦੇ ਮਹਾਨ ਵਿਗਿਆਨਕਾਂ ਦੀ ਕਥਾ ਹੁਣ ਮੂਰਤ ਰੂਪ ਧਾਰਨ ਕਰ ਰਹੀ ਹੈ। ਅੱਜ ਵੱਖ-ਵੱਖ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਤਕਨੀਕੀ ਸੰਸਥਾਵਾਂ ‘ਚ ਜ਼ਿਕਰਯੋਗ ਕੰਮ ਹੋ ਰਿਹਾ ਹੈ ਪਰ ਯੂਨੀਵਰਸਿਟੀਆਂ ਕਮਜ਼ੋਰ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਸਾਲਾਂ ਵਿਚ ਉੱਚ ਸਿੱਖਿਆ ਦੇ ਸਥਾਨ ਕਈ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਜੂਝਦੇ ਆ ਰਹੇ ਹਨ। ਸੁਧਾਰ ਤਾਂ ਛੱਡੋ, ਇਨ੍ਹਾਂ ਸੰਸਥਾਵਾਂ ਦਾ ਜੀਵਨ ਹੀ ਖ਼ਤਰੇ ‘ਚ ਪੈਂਦਾ ਲੱਗ ਰਿਹਾ ਹੈ। ਹੋਰਾਂ ਦੀ ਗੱਲ ਛੱਡੋ, ਦਿੱਲੀ ਜਿਹੀ ਕੇਂਦਰੀ ਯੂਨੀਵਰਸਿਟੀ ‘ਚ ਜਿੱਥੇ ਵਿਦਿਆਰਥੀਆਂ ਦੀ ਸੰਖਿਆ ਨਿਰੰਤਰ ਵਧ ਰਹੀ ਹੈ, ਅਧਿਆਪਕਾਂ ਦੀ ਸੰਖਿਆ ਅੱਜ ਲਗਪਗ ਅੱਧੀ ਰਹਿ ਗਈ ਹੈ। ਬਿਨਾਂ ਅਧਿਆਪਕਾਂ ਦੇ ਹੋ ਰਹੀ ਪੜ੍ਹਾਈ ਦੀ ਗੁਣਵੱਤਾ ਦਾ ਹਾਲ ਹਰ ਕੋਈ ਸਮਝ ਸਕਦਾ ਹੈ। ਸੂਬਿਆਂ ਦੀਆਂ ਯੂਨੀਵਰਸਿਟੀਆਂ ਦਾ ਹਾਲ ਤਾਂ ਹੋਰ ਵੀ ਬੁਰਾ ਹੈ। ਰੋਸਟਰ ਦੇ ਸਵਾਲ ਨੂੰ ਲੈ ਕੇ ਸਰਕਾਰ ਨੇ ਸਾਰੀਆਂ ਨਿਯੁਕਤੀਆਂ ਨੂੰ ਰੋਕ ਰੱਖਿਆ ਹੈ। ਪੂਰਾ ਸੈਸ਼ਨ ਬੀਤ ਰਿਹਾ ਹੈ ਅਤੇ ਇਸ ਦੀ ਕੋਈ ਖ਼ਬਰ ਨਹੀਂ ਹੈ ਕਿ ਕੀ ਨੀਤੀ ਅਪਣਾਈ ਜਾਵੇਗੀ? ਦਿਹਾੜੀ ‘ਤੇ ਅਧਿਆਪਕਾਂ ਨੂੰ ਲਾ ਕੇ ਪੜ੍ਹਾਈ ਕਰਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਦੀ ਅਕਾਦਮਿਕ ਨੌਕਰਸ਼ਾਹੀ ਦੇ ਝਮੇਲੇ ਲਟਕਾਊ ਅਤੇ ਕੰਮ-ਚਲਾਊ ਹਨ। ਅਧਿਐਨ ਵਿਸ਼ਿਆਂ ਦੀ ਰੂਪਰੇਖਾ ਵਿਚ ਯੂਨੀਵਰਸਿਟੀਆਂ ਨੂੰ ਮਿਲਣ ਵਾਲੀ ਖ਼ੁਦਮੁਖਤਾਰੀ ਘਟਦੀ ਜਾ ਰਹੀ ਹੈ। ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਚੰਗੀ ਉੱਚ ਸਿੱਖਿਆ ਹਾਸਲ ਕਰਨਾ ਹਾਲੇ ਵੀ ਸੁਪਨਾ ਬਣਿਆ ਹੋਇਆ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਾਲਾਵਾਂ ਦੀ ਹਾਲਤ ਵੀ ਠੀਕ ਨਹੀਂ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਨਵੇਂ ਗਿਆਨ ਲਈ ਉਤਸੁਕਤਾ ਤੇ ਲਗਨ ਵੀ ਘਟ ਰਹੀ ਹੈ। ਖੋਜਾਰਥੀਆਂ ਲਈ ਸਥਾਨਕ ਜ਼ਰੂਰਤਾਂ ਅਤੇ ਕੌਮਾਂਤਰੀ ਰੁਝਾਨਾਂ ਵਿਚਾਲੇ ਸੰਤੁਲਨ ਬਣਾਉਣਾ ਵੀ ਇਕ ਵੱਡੀ ਚੁਣੌਤੀ ਸਾਬਿਤ ਹੋ ਰਹੀ ਹੈ। ਇਸ ਚੁਣੌਤੀ ਤੋਂ ਪਾਰ ਪਾਉਣ ਦੇ ਜਲਦ ਤੋਂ ਜਲਦ ਉਪਾਅ ਕੀਤੇ ਜਾਣੇ ਸਮੇਂ ਦੀ ਮੰਗ ਹੈ।

ਗਿਰੀਸ਼ਵਰ ਮਿਸ਼ਰ

Related posts

Akal Takht pronounces Sukhbir Singh Badal tankhaiya over ‘anti-Panth’ acts

On Punjab

ਭ੍ਰਿਸ਼ਟਾਚਾਰ ਮਾਮਲਾ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਤਨੀ ਨੂੰ ਕੈਦ

On Punjab

ਮੋਦੀ ਦੀ ਇੰਟਰਵਿਊ ਮਗਰੋਂ ਭਗਵੰਤ ਮਾਨ ਦੇ ‘ਸਵਾਲ-ਜਵਾਬ’

On Punjab