ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਜ਼ਿਆਦਾ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਝੂਠ, ਫਰੇਬ, ਧੋਖਾ ਗਲਤ ਫਹਿਮੀ ਜਿਹੀਆਂ ਕੁਝ ਨਿਗੁਣੀਆਂ ਗੱਲਾਂ ਲਈ ਕਿਸੇ ਵੀ ਕਿਸਮ ਦੀ ਕੋਈ ਥਾਂ ਨਹੀਂ ਹੁੰਦੀ। ਇਸ ਬਾਰੇ ਇਹ ਕਹਾਵਤ ਵੀ ਪ੍ਰਚਲਿਤ ਹੈ ਕਿ ਵਿਆਹ ਦੇ ਰਿਸ਼ਤੇ ਰੱਬ ਦੀ ਦਰਗਾਹ ‘ਤੇ ਬਣਦੇ ਤੇ ਪ੍ਰਵਾਨ ਚੜਦੇ ਹਨ। ਇਹ ਰਿਸ਼ਤੇ ਸਮਾਜ ਦੀ ਸਹਿਮਤੀ ਤੇ ਮਾਂ ਬਾਪ ਦੇ ਯੋਗਦਾਨ ਨਾਲ ਹੀ ਫੁੱਲਦੇ ਫਲਦੇ ਹਨ। ਇਨ੍ਹਾਂ ਰਿਸ਼ਤਿਆਂ ਦਾ ਅਧਾਰ ਵੀ ਸਮਾਜ ਤੇ ਪਰਿਵਾਰਿਕ ਸਾਂਝਾ ਹੁੰਦੀਆਂ ਹਨ।
ਪਰ ਅਜੋਕੇ ਸਮੇਂ ਵਿਚ ਇਨ੍ਹਾਂ ਰਿਸ਼ਤਿਆਂ ਦਾ ਕੀ ਹਸ਼ਰ ਹੋ ਰਿਹਾ ਹੈ? ਇਸ ਬਾਰੇ ਸੋਚਣਾ ਬੁੱਧੀਜੀਵੀਂ ਵਰਗ ਲਈ ਅਤੇ ਮਾਂ ਬਾਪ ਲਈ ਤੇ ਸਮਾਜ ਲਈ ਇਕ ਚਣੌਤੀ ਹੈ। ਕੀ ਕਾਰਨ ਹੈ ਕਿ ਇਹ ਰਿਸ਼ਤੇ ਇਸ ਹੱਦ ਤੱਕ ਘੁੱਟਣ ਪੈਦਾ ਕਰਦੇ ਹਨ ਕਿ ਆਤਮ ਹੱਤਿਆ ਕਰ ਲਈ ਜਾਂਦੀ ਹੈ… ਹੱਤਿਆ ਕੀਤੀ ਜਾਂਦੀ ਹੈ… ਤਲਾਕ ਹੋ ਜਾਂਦਾ ਹੈ… ਜੇਕਰ ਇਨ੍ਹਾਂ ਵਿਚੋਂ ਕੁਝ ਵੀ ਕਰਨ ਦੀ ਸ਼ਕਤੀ ਕਿਸੇ ਕੋਲ ਨਹੀਂ ਤਾਂ ਉਸ ਦੇ ਮਾਨਸਿਕ ਸਤੁੰਲਿਨ ਦੇ ਖੋਣ ਦਾ ਕਾਰਨ ਬਣਦਾ ਹੈ।
ਆਮ ਤੌਰ ਤੇ ਇਸ ਪੱਖ ਦਾ ਸ਼ਿਕਾਰ ਸੁੰਦਰ, ਉੱਚ ਸਿੱਖਿਆ ਪ੍ਰਾਪਤ, ਚੰਗੇ ਘਰਾਂ ਦੀਆਂ ਨੌਕਰੀਸ਼ੁਦਾ ਲੜਕੀਆਂ ਹੀ ਹੁੰਦੀਆਂ ਹਨ। ਮਾਂ ਬਾਪ ਸੋਚਦੇ ਹਨ ਕਿ ਉਨ੍ਹਾਂ ਦੀ ਬਹੁਤ ਹੀ ਚਾਵਾਂ ਲਾਡਾਂ ਨਾਲ ਪਾਲੀ ਧੀ ਬਹੁਤ ਹੀ ਵਧੀਆ ਮੁੰਡੇ ਨਾਲ ਤੇ ਚੰਗੇ ਘਰ ਵਿਆਹ ਕੇ ਜਾਵੇਗੀ ਤੇ ਸਾਰੀ ਉਮਰ ਮੌਜ ਕਰੇਗੀ। ਪਰ ਜਦੋਂ ਕਿਸੇ ਚੰਗੇ ਘਰ ਲੜਕੇ ਦੀ ਦੱਸ ਪੈਂਦੀ ਹੈ ਤਾਂ ਨੌਕਰੀ ਤੇ ਲੱਗੇ ਚੰਗੀ ਤਨਖਾਹ ਲੈਣ ਵਾਲੇ ਇਸ ਲੜਕੇ ਦੇ ਹੱਥੋਂ ਨਿਕਲ ਜਾਣ ਦੇ ਡਰ ਕਾਰਨ ਮਾਪੇ ਜ਼ਿਆਦਾ ਪੁੱਛਗਿੱਛ ਕਰਨਾ ਜ਼ਰੂਰੀ ਨਹੀਂ ਸਮਝਦੇ ਕਿ ਜੇਕਰ ਲੜਕੇ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਲੜਕੇ ਵਾਲਿਆਂ ਨੂੰ ਬੁਰਾ ਲੱਗ ਜਾਣ ਦੀ ਸੂਰਤ ਵਿਚ ਰਿਸ਼ਤੇ ਦੇ ਹੱਥੋਂ ਨਿਕਲ ਜਾਣ ਦੇ ਜਿੰਮੇਵਾਰ ਵੀ ਉਹ ਖੁਦ ਹੀ ਹੋਣਗੇ। ਇਸ ਤੋਂ ਵੀ ਵੱਡੀ ਗੱਲ ਕਿ ਮਾਪੇ ਵਿਚੋਲੇ ਉਪਰ ਵੀ ਅੱਖਾਂ ਮੀਚ ਕੇ ਵਿਸ਼ਵਾਸ਼ ਕਰ ਲੈਂਦੇ ਹਨ ਕਿ ਜੋ ਵੀ ਕਰਨਾ ਵਿਚੋਲੇ ਕਰਨਾ, ਉਹ ਕੋਈ ਮਾੜਾ ਥੋੜੀ ਕਰੇਗਾ…
ਪਰ ਬਹੁਤ ਵਾਰ ਵਿਚੋਲਾ ਅੱਧ ਪਚੱਦੀ ਜਿਹੀ ਜਾਣਕਾਰੀ ਨਾਲ ਹੀ ਪੂਰੇ ਵਿਆਹ ਤੱਕ ਦਾ ਡਰਾਮਾ ਸਿਰਜ ਦਿੰਦਾ ਹੈ… ਉਹ ਲੜਕੇ ਦੇ ਘਰ ਨੌਕਰੀ ਵਾਲੀ ਥਾਂ ਤੇ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ… ਕੀ ਲੜਕਾ ਨੌਕਰੀ ਉਪਰ ਹੈ? ਕੀ ਉਹ ਪੱਕਾ ਹੈ ਜਾਂ ਕੱਚਾ? ਕੀ ਉਸ ਉਪਰ ਕੋਰਟ ਕਚਹਿਰੀ ਵਿਚ ਕੋਈ ਮੁਕੱਦਮਾ ਤਾਂ ਨਹੀਂ ਚੱਲਦਾ… ਉਸ ਵਿਚ ਪੁਲਿਸ ਸਟੇਸ਼ਨ ਵਿਚ ਕਿਸੇ ਕਿਸਮ ਦਾ ਕੋਈ ਪਰਚਾ ਤਾਂ ਨਹੀਂ ਦਰਜ?… ਕੀ ਉਸ ਦਾ ਪਹਿਲਾ ਕੋਈ ਰਿਸ਼ਤਾ ਤਾਂ ਨਹੀਂ ਹੋਇਆ ਜਾਂ ਟੁੱਟਿਆ?… ਮਾਂ ਕਿਸ ਤਰ੍ਹਾਂ ਦੀ ਹੈ? ਪਰਿਵਾਰਿਕ ਪਿਛੋਕੜ ਕੀ ਹੈ?
ਆਮ ਤੌਰ ਤੇ ਬਾਹਰਲੇ ਦੇਸ਼ਾਂ ਦਾ ਝੂਠ ਬੋਲ ਕੇ ਬਹੁਤ ਸਾਰੇ ਮਾਪੇ ਰਿਸ਼ਤੇ ਕਰਦੇ ਹਨ ਕਿ ਮੁੰਡਾ ਬਾਹਰ ਗਿਆ ਹੈ ਤੇ ਇੰਨੀਂ ਜ਼ਮੀਨ ਹੈ। ਲੜਕੀ ਵੀ ਬਾਹਰ ਹੀ ਚਲੀ ਜਾਵੇਗੀ। ਲੜਕੀ ਵਾਲਿਆਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ। ਲੜਕੀ ਵੀ ਸੁਪਨਿਆਂ ਦੇ ਮਹਿਲ ਬਣਾਉਂਦੀ ਹੈ ਕਿ ਮੈਂ ਬਾਹਰ ਜਾਵਾਂਗੀ…ਪਰ ਵਿਆਹ ਤੋਂ ਮਹੀਨੇ ਦੇ ਅੰਦਰ ਹੀ ਪਤਾ ਲੱਗ ਜਾਂਦਾ ਹੈ ਕਿ ਮੁੰਡਾ ਸਿਰਫ ਬਾਹਰ ਦਾ ਬਹਾਨਾ ਹੀ ਬਣਾ ਰਿਹਾ ਹੈ ਤੇ ਫਿਰ ਇਹ ਕਹਿ ਕੇ ਟਾਲਦਾ ਹੈ ਕਿ ਮੇਰਾ ਕੇਸ ਰਿਜੈਕਟ ਹੋ ਗਿਆ, ਤੇ ਪੈਲੀ ਵੇਚ ਕੇ ਬਾਹਰ ਜਾਣ ਵਾਲੇ ਏਜੰਟ ਨੂੰ ਪੈਸੇ ਦੇ ਦਿੱਤੇ…ਹੁਣ ਅਜਿਹੀ ਸਥਿਤੀ ਵਿਚ ਲੜਕੀ ਤੇ ਲੜਕੇ ਦੇ ਮਾਂ ਬਾਪ ਕੀ ਕਰਨ?… ਕਿਉਂਕਿ ਵਿਚੋਲਾ ਵੀ ਕੋਈ ਸੰਤੁਸ਼ਟੀਜਨਕ ਉਤਰ ਦੇਣ ਤੋਂ ਅਸਮਰਥ ਹੋ ਜਾਂਦਾ।
ਇਸੇ ਤਰ੍ਹਾਂ ਹੀ ਇਕ ਮੁੰਡਾ ਗੁਰਦੁਆਰੇ ਵਿਚ ਪਾਠੀ ਸੀ.. ਸਵੇਰੇ ਸ਼ਾਮ ਬਹੁਤ ਹੀ ਵਧੀਆ ਸ਼ੁੱਧ ਪਾਠ ਕਰਿਆ ਕਰਦਾ ਸੀ ਤੇ ਕੀਰਤਨ ਵੀ ਬਹੁਤ ਵਧੀਆ ਕਰਦਾ ਸੀ.. ਰਿਸ਼ਤਾ ਹੋ ਗਿਆ, ਜਿਆਦਾ ਪੁੱਛ ਪੁਛਾਈ ਦੀ ਲੋੜ ਨਾ ਸਮਝੀ.. ਬਸ ਵਿਆਹ ਕਰ ਦਿੱਤਾ.. ਬਹੁਤ ਹੀ ਸੋਹਣੀ ਲੜਕੀ ਪਾਠੀ ਲੜਕੇ ਦੀ ਪਤਨੀ ਬਣੀ। ਵਿਆਹ ਕੇ ਲਿਆਂਦੀ ਲੜਕੀ ਨੂੰ ਜਦੋਂ ਲੱਗਾ ਕਿ ਲੜਕਾ… ‘ਲੜਕਾ ਨਾ ਹੋ ਕੇ ਕਿੰਨਰ ਸੀ’। ਉਸ ਨੇ ਆਪਣਾ ਚੂੜਾ ਤੋੜ ਦਿੱਤਾ.. ਲੜਕੀ ਬਹੁਤ ਹੀ ਰੋਈ ਕੁਰਲਾਈ ਕਿ ਮੇਰੇ ਨਾਲ ਧੋਖਾ ਹੋ ਗਿਆ, ਮੈਂ ਮਰ ਜਾਣਾ ਬੱਸ।
ਮੇਰੀ ਇਕ ਬਹੁਤ ਹੀ ਪਿਆਰੀ ਦੋਸਤ ਦੇ ਮੈਨੂੰ ਦੱਸਣ ਮੁਤਾਬਿਕ ਉਹ ਐਮ ਏ., ਬੀਐਡ ਉਚ ਸਿੱਖਿਆ ਪ੍ਰਾਪਤ ਨੌਕਰੀ ਪੇਸ਼ਾ ਲੜਕੀ ਸੀ, ਉਸ ਦੇ ਪਰਿਵਾਰ ਵਾਲੇ ਵੀ ਨਾਮਵਰ ਲੋਕ ਸਨ। ਜਦੋਂ ਉਸ ਦੇ ਵਿਆਹ ਦਾ ਸਮਾਂ ਆਇਆ ਤਾਂ ਮਾਂ ਬਾਪ ਨੇ ਵਿਚੋਲੇ ਉਪਰ ਅੱਖਾਂ ਬੰਦ ਕਰਕੇ ਕੀਤੇ ਯਕੀਨ ਨੇ ਉਨ੍ਹਾਂ ਦੀਆਂ ਅੱਖਾਂ ਉਪਰ ਪੱਟੀ ਬੰਨ ਦਿੱਤੀ.. ਕਿਸੇ ਨੇ ਵੀ ਆਪਣੇ ਪੱਧਰ ‘ਤੇ ਕੋਈ ਜਾਣਕਾਰੀ ਨਹੀਂ ਲਈ । ਸਿਰਫ ਵਿਚੋਲੇ ਉਪਰ ਹੀ ਛੱਡ ਦਿੱਤਾ। ਵਿਚੋਲੇ ਨੇ ਵੀ ਸੁਣੀ ਸੁਣਾਈ ਗੱਲ ਤੇ ਰਿਸ਼ਤਾ ਤੈਅ ਕਰ ਦਿੱਤਾ… ਮੁਕਰਰ ਕੀਤੇ ਦਿਨ ਮੁਤਾਬਿਕ ਲੜਕੀ ਦਾ ਵਿਆਹ ਹੋ ਗਿਆ, ਉਸ ਨੂੰ ਵਿਆਹ ਕੇ ਸਹੁਰੇ ਘਰ ਬੜੇ ਰੀਤੀ ਰਿਵਾਜ਼ਾਂ ਨਾਲ ਲਿਆਂਦਾ ਗਿਆ, ਸਾਰਾ ਘਰ ਰੁਸ਼ਨਾਇਆ ਲੱਡੂ ਪੱਕੇ, ਪੜ੍ਹੀ ਲਿਖੀ ਨੌਕਰੀ ਪੇਸ਼ਾ ਸੁੰਦਰ ਨੂੰਹ ਰਾਣੀ ਬਹੁਤ ਸਾਰਾ ਦਾਜ ਦਹੇਜ਼ ਲੈ ਕੇ ਸਹੁਰੇ ਪਹੁੰਚ ਗਈ। ਰਾਤ ਜ਼ਿਆਦਾ ਹੋ ਜਾਣ ਕਾਰਨ ਨੂੰਹ ਰਾਣੀ ਦਾ ਘਰ ਦੀਆਂ ਰਿਸ਼ਤੇਦਾਰ ਔਰਤਾਂ ਦੇ ਕੋਲ ਹੀ ਸੌਂ ਦਾ ਪ੍ਰਬੰਧ ਕਰ ਦਿੱਤਾ। ਸਾਰੇ ਰਿਸ਼ਤੇਦਾਰ ਲਗਭਗ ਸੋ ਹੀ ਚੁੱਕੇ ਸਨ, ਉਸ ਦੇ ਕੰਨੀਂ ਹੌਲੀ ਹੌਲੀ ਗੱਲਾਂ ਕਰਨ ਦੀ ਅਵਾਜ਼ ਪਈ। ਕੋਈ ਔਰਤ ਕਹਿ ਰਹੀ ਸੀ ਕਿ ‘ਮਾਮੀ ਤੁਸੀਂ ਇਹ ਚੰਗਾ ਕੰਮ ਨੀ ਕੀਤਾ, ਕੀ ਬਣੂ ਜਦੋਂ ਨੂੰਹ ਨੂੰ ਪਤਾ ਲੱਗੂ ਕਿ ਮੁੰਡਾ ਤਾਂ ਨੌਕਰੀ ਤੇ ਜਾਂਦਾ ਹੀ ਨਹੀਂ?… ਉਹ ਤਾਂ ਸਸਪੈਂਡ ਹੈ.. ਸੱਸ ਅੱਗੋਂ ਕਹਿੰਦੀ.. ਹੁਣ ਤਾਂ ਕਾਠੀ ਪਾ ਲਈ, ਹੁਣ ਕਿੱਧਰ ਜਾਊ’। ਇੰਨ੍ਹਾਂ ਸੁਣਦੇ ਹੀ ਮੇਰੀ ਦੋਸਤ ਨੇ ਸਾਹ ਹੀ ਚੜ੍ਹਾ ਲਿਆ ਤੇ ਆਪਣਾ ਦਿਮਾਗੀ ਸੁਤਲਿੰਨ ਲਗਭਗ ਗੁਆ ਹੀ ਲਿਆ ਅਤੇ 18 ਸਾਲ ਤੱਕ ਸਕੈਟਰੀ ਦੀ ਡਾਕਟਰ ਦੇ ਚੱਕਰ ਕੱਟੇ..
ਇਸ ਤੋਂ ਇਲਾਵਾ ਕਈ ਵਾਰ ਲੜਕੇ ਵਾਲੇ ਇਸ ਗੱਲ ਨੂੰ ਛੁਪਾ ਲੈਂਦੇ ਹਨ ਕਿ ਲੜਕੇ ਦੀ ਸ਼ਾਂਦੀ ਪਹਿਲਾਂ ਵੀ ਹੋ ਚੁੱਕੀ ਹੈ.. ਤਲਾਕ ਹੋਇਆ ਹੈ.. ਪਹਿਲੇ ਵਿਆਹ ਤੋਂ ਵੀ ਕੋਈ ਬੱਚਾ ਹੈ ਵੀ… ਪਰ ਜਦੋਂ ਬਾਅਦ ਵਿਚ ਪਤਾ ਲੱਗਦਾ ਹੈ ਤਾਂ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਲੜਕੀ ਕੋਲ ਆਪਣਾ ਮਾਨਸਿਕ ਸਤੁੰਲਿਨ ਗੁਆਉਣ ਤੋਂ ਬਿਨ੍ਹਾਂ ਕੋਈ ਵੀ ਚਾਰਾ ਨਹੀਂ ਹੁੰਦਾ।
ਆਮ ਤੌਰ ਤੇ ਪੰਜਾਬ ਵਰਗੇ ਪ੍ਰਾਂਤ ਵਿਚ ਨਸ਼ੇ ਵਰਗੀ ਭਿਆਨਕ ਬਿਮਾਰੀ ਫੈਲੀ ਹੋਈ ਹੈ… ਇਹ ਨਸ਼ਾ ਸ਼ਰਾਬ ਦਾ, ਸ਼ਬਾਬ ਦਾ, ਚਿੱਟੇ ਦਾ, ਅਫੀਮ ਦਾ, ਗਾਂਜੇ ਦਾ, ਭੁੱਕੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਇਥੇ ਜ਼ਿਆਦਾਤਰ ਵਿਆਹ ਤੋਂ ਪਹਿਲੋਂ ਇਹ ਗੱਲ ਛੁਪਾ ਕੇ ਰੱਖੀ ਜਾਂਦੀ ਹੈ ਕਿ ਮੁੰਡਾ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ। ਘੰਟੇ ਦੋ ਘੰਟੇ ਜਾਂ ਇਕ ਦੋ ਮੀਟਿੰਗਾਂ ਵਿਚ ਲੜਕੇ ਦੇ ਨਸ਼ੇੜੀ ਹੋਣ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ.. ਮਾਪੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਹੀ ਕਰ ਦਿੰਦੇ ਹਨ, ਪਰ ਇਸ ਦਾ ਅੰਜ਼ਾਮ ਵਿਆਹ ਤੋਂ ਬਾਅਦ ਲੜਕੀ ਨੂੰ ਭੁਗਤਣਾ ਪੈਂਦਾ ਹੈ, ਜਦੋਂ ਮੁੰਡਾ ਲੋੜ ਤੋਂ ਜ਼ਿਆਦਾ ਸ਼ਰਾਬ ਪੀ ਕੇ ਜਾਂ ਨਸ਼ਾ ਕਰਕੇ ਘਰ ਤੋਂ ਬਾਹਰ ਵਿਆਹ ਸ਼ਾਂਦੀ ਪਾਰਟੀਆਂ ਜਿਹੇ ਸਮਾਰੋਹਾਂ (ਸਮਾਗਮਾਂ) ਵਿਚ ਡਿੱਗ ਕੇ ਉਸ ਲੜਕੀ ਦੇ ਮਾਣ ਸਨਮਾਣ ਨੂੰ ਠੇਸ ਪਹੁੰਚਾਉਂਦਾ ਹੈ। ਉਸ ਲੜਕੀ ਦਾ ਮਾਨ ਸਨਮਾਨ ਰਹਿ ਵੀ ਕੀ ਜਾਂਦਾ ਹੈ, ਜਿਸ ਦੇ ਪਤੀ ਨੂੰ ਡਿੱਗੇ ਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਤੇ ਵਿਆਹ ਸਮਾਗਮਾਂ ਵਾਲੇ ਹੀ ਉਸ ਨੂੰ ਆਪਣੀ ਗੱਡੀ ਵਿਚ ਪਾ ਕੇ ਉਸ ਦੇ ਘਰ ਤੱਕ ਛੱਡ ਜਾਂਦੇ ਹਨ।
ਜ਼ਿਆਦਾ ਸ਼ਰਾਬ ਪੀ ਕੇ ਨਸ਼ਾ ਕਰਕੇ ਗਲੀਆਂ ਨਾਲੀਆਂ ਵਿਚ ਡਿੱਗਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਜੇ ਕਿਤੇ ਔਖਾ ਸੌਖਾ ਘਰ ਪਹੁੰਚ ਵੀ ਜਾਂਵੇ ਤਾਂ ਫਿਰ ਘਰਵਾਲੀ ਨੂੰ ਕੁੱਟਣਾ ਮਾਰਨਾ, ਗਾਲੀ ਗਲੋਚ ਕਰਣਾ, ਘਰ ਦਾ ਕੀਮਤੀ ਸਮਾਨ ਭੰਨਣਾ, ਇਹ ਆਮ ਜਿਹੀ ਗੱਲ ਹੋ ਜਾਂਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਕੁਝ ਨਾ ਸਹਾਰਦੇ ਹੋਏ ਜਾਂ ਤਾਂ ਲੜਕੀ ਆਤਮਹੱਤਿਆ ਕਰ ਲੈਂਦੀ ਹੈ ਜਾਂ ਘਰ ਵਾਲੇ ਤੋਂ ਨਿਜ਼ਾਤ ਪਾਉਣ ਲਈ ਘਰ ਹੀ ਛੱਡ ਜਾਂਦੀ ਹੈ।
ਨਜਾਇਜ਼ ਰਿਸ਼ਤੇ ਆਮ ਤੌਰ ਤੇ ਸ਼ਾਂਤੀ ਜਿਹੇ ਪਵਿੱਤਰ ਰਿਸ਼ਤੇ ਨੂੰ ਤੋੜਨ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮਾਂ ਬਾਪ ਪਹਿਲਾਂ ਕਦੇ ਵੀ ਮੁੰਡੇ ਦੇ ਘਰ ਪਰਿਵਾਰ ਜਾਂ ਗਲੀ ਗੁਆਂਢ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ ਨਹੀਂ ਕਰਦੇ ਕਿ ਮੁੰਡਾ ਮੂੰਹ ਬੋਲੀ ਭੈਣ, ਭਾਬੀ, ਦੋਸਤ ਦੇ ਬਹੁਤ ਜ਼ਿਆਦਾ ਨੇੜੇ ਤਾਂ ਨਹੀਂ ਜਾਂ ਲੋੜੋਂ ਜ਼ਿਆਦਾ ਲਗਾਓ ਤਾਂ ਨਹੀਂ ਰੱਖਦਾ ਉਨ੍ਹਾਂ ਨਾਲ। ਇਹੀ ਲਗਾਓ ਹੀ ਵਿਆਹ ਜਿਹੇ ਪਵਿੱਤਰ ਰਿਸ਼ਤੇ ਨੂੰ ਟੁੱਟਣ ਕੰਢੇ ਲਿਆ ਖੜਾ ਕਰਦਾ ਹੈ, ਕਿਉਂਕਿ ਉਹੀ ਰਿਸ਼ਤੇ ਉਸ ਨੂੰ ਜ਼ਿਆਦਾ ਚੰਗੇ ਲੱਗਦੇ ਹਨ। ਉਹ ਆਪਣੀ ਖੂਬਸੂਰਤ ਪਤਨੀ, ਬੱਚੇ, ਨੌਕਰੀ ਤੇ ਪਰਿਵਾਰ ਨੂੰ ਵੀ ਕੁਝ ਨਹੀਂ ਸਮਝਦਾ। ਉਹੀ ਰਿਸ਼ਤੇ ਉਸ ਲਈ ਖਾਸ ਅਹਿਮੀਅਤ ਰੱਖਦੇ ਹਨ। ਉਹ ਵਾਰ ਵਾਰ ਆਪਣੀ ਪਤਨੀ ਨੂੰ ਨੀਚਾ ਦਿਖਾ ਕੇ ਵਾਰ-ਵਾਰ ਅੱਖੋ ਪਰੋਖੇ ਕਰਕੇ ਰਾਤ ਬਰਾਤੇ ਉਨ੍ਹਾਂ ਕੋਲ ਪਹੁੰਚਦਾ ਹੈ। ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਦਾ ਹੈ। ਰਾਹੇ ਵਿਗਾਹੇ ਮਿਲਣ ਤੇ ਵੀ ਉਨ੍ਹਾਂ ਲਈ ਪਤਨੀ ਤੋਂ ਜ਼ਿਆਦਾ ਸਨਮਾਨ ਪੇਸ਼ ਕਰਦਾ ਹੈ। ਸਮਾਜ ਦਾ ਡਰ ਤਾਂ ਉੱਕਾ ਹੀ ਛਿੱਕੇ ਤੇ ਟੰਗ ਦਿੰਦਾ ਹੈ। ਪਤਨੀ ਕੋਲੋਂ ਹੁਣ ਅਜਿਹੇ ਰਿਸ਼ਤੇ ਤੋਂ ਕੀ ਆਸ ਕੀਤੀ ਜਾਵੇ। ਆਪਣੇ ਆਪ ਨੂੰ ਅੰਦਰੋਂ ਅੰਦਰੀ ਮਾਰ ਹੀ ਲੈਂਦੀ ਹੈ।
ਪੰਜਾਬ ਦੀ ਕਿਸਾਨੀ ਬਹੁਤ ਪ੍ਰਸਿੱਧ ਹੈ, ਜ਼ਿਆਦਾਤਰ ਰਿਸ਼ਤਾ ਕਰਨ ਵੇਲੇ ਪੈਸਾ ਧੇਲਾ, ਉੱਘਾ ਖਾਨਦਾਨ ਤੇ ਜ਼ਮੀਨ ਜਾਇਦਾਦ ਨੂੰ ਦੇਖਿਆ ਜਾਂਦਾ ਹੈ। 10-15 ਕਿੱਲਿਆਂ ਤੋਂ ਲੈ ਕੇ ਉਪਰ ਤੱਕ ਜ਼ਮੀਨ ਵਾਲੇ ਨੂੰ ਚੰਗੇ ਘਰ ਦਾ ਰਿਸ਼ਤਾ ਹੋ ਜਾਂਦਾ ਹੈ। ਪਰ ਕਈ ਵਾਰ ਜ਼ਮੀਨ ਦੇ ਮਸਲੇ ਮਾਮਲੇ ਵਿਚ ਬਹੁਤ ਜ਼ਿਆਦਾ ਝੂਠ ਬੋਲਿਆ ਜਾਂਦਾ ਹੈ, ਵੰਡ ਤੋਂ ਪਹਿਲਾਂ ਦੀ ਜ਼ਮੀਨ ਦੱਸੀ ਜਾਂਦੀ ਹੈ। ਜ਼ਮੀਨ ਉਪਰ ਬੈਂਕ ਲੋਨ ਜਾਂ ਸਾਰੀ ਜ਼ਮੀਨ ਹੀ ਪੈਸੇ ਲੈ ਕੇ ਗਹਿਣੇ ਪਾਈ ਹੁੰਦੀ ਹੈ। ਜਿਸ ਦੀ ਮਾਲਕੀ ਸਿਰਫ ਨਾ ਦੀ ਹੀ ਹੁੰਦੀ ਹੈ। ਜਦੋਂ ਕੁੜੀ ਵਾਲਿਆਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਤਾਂ ਮਨਾਂ ਵਿਚ ਕੁੜੱਤਣ ਪੈਦਾ ਹੋਣ ਤੇ ਰਿਸ਼ਤੇ ਟੁੱਟਣ ਕੰਡੇ ਆ ਖੜ੍ਹਦੇ ਹਨ।
ਸਭ ਤੋਂ ਜ਼ਿਆਦਾ ਜਿੰਦਗੀ ਜਿਸ ਰਿਸ਼ਤੇ ਨਾਲ ਖਰਾਬ ਹੁੰਦੀ ਹੈ, ਜਦੋਂ ਲੜਕੇ ਦਾ ਮਨ ਕਿਤੇ ਹੋਰ ਸ਼ਾਂਦੀ ਕਰਨ ਦਾ ਹੁੰਦਾ ਹੈ, ਪਰ ਮਾਪਿਆਂ ਜਿੱਦ ਚਾਹੇ ਉਹ ਮੁੰਡੇ ਦੇ ਹੋਣ ਜਾਂ ਕੁੜੀ ਦੇ ਉਹ ਰਾਹ ਜਾਂਦਾ ਹੈ। ਅਜਿਹੀ ਸਥਿਤੀ ਵਿਚ ਹੋਇਆ ਰਿਸ਼ਤਾ ਬਿਨ੍ਹਾਂ ਕਿਸੇ ਕਾਰਨ ਹੀ ਵਿਆਹ ਵਾਲੀ ਕੁੜੀ ਦੀ ਜਿੰਦਗੀ ਤਬਾਹ ਕਰ ਦਿੰਦਾ ਹੈ।
ਲੜਕਾ ਕਿਸੇ ਵੀ ਹਾਲਤ ਵਿਚ ਆਪਣੀ ਨਵੀਂ ਆਈ ਪਤਨੀ ਨੂੰ ਪਸੰਦ ਹੀ ਨਹੀਂ ਕਰਦਾ ਤੇ ਨਾ ਹੀ ਉਸ ਨੂੰ ਪਤਨੀ ਦਾ ਦਰਜਾ ਦਿੰਦਾ ਹੈ। ਮਾਂ ਬਾਪ ਸੋਚਦੇ ਹਨ ਕਿ ਕੋਈ ਗੱਲ ਨੀ ਵਿਆਹ ਤੋਂ ਬਾਅਦ ਆਪੇ ਸੁਧਰ ਜਾਊ। ਪਰ ਜੋ ਨਰਕ ਦੂਜੀ ਲੜਕੀ ਜਾਂ ਲੜਕਾ ਭਰਦੇ ਹਨ। ਉਨ੍ਹਾਂ ਦੀ ਭਰਪਾਈ ਕਿਤੇ ਨਹੀਂ ਹੁੰਦੀ.. ਇਹ ਰਿਸ਼ਤੇ ਵੀ ਝੂਠ ਦੀ ਬੁਨਿਆਦ ਤੇ ਗੰਢੇ ਜਾਂਦੇ ਹਨ ਕਿ ਲੜਕਾ ਜਾਂ ਲੜਕੀ ਬਹੁਤ ਸੰਸਕਾਰੀ ਪੜ੍ਹੇ ਲਿਖੇ, ਨਵੀਂ ਸੋਚ ਵਾਲੇ ਤੇ ਪਰਿਵਾਰ ਦਾ ਖਾਸ ਧਿਆਨ ਰੱਖਣ ਵਾਲੇ ਹਨ। ਪਰ ਅਸਲੀਅਤ ਦਾ ਪਤਾ ਤਾਂ ਕੁਝ ਦਿਨਾਂ ਵਿਚ ਹੀ ਲੱਗ ਜਾਂਦਾ ਹੈ….. ਜਦੋਂ ਇਹ ਰਿਸ਼ਤੇ ਟੁੱਟਣ ਕੰਢੇ ਆ ਖਲੋਦੇ ਹਨ।
ਲੇਖਿਕਾ : ਪਰਮਜੀਤ ਕੌਰ ਸਿੱਧੂ
ਮੋਬਾਈਲ : 98148-90905