ਓਟਵਾ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ, ਕੈਨੇਡਾ ਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਕਰੜੇ ਟੈਕਸ ਲਗਾਉਣ ਸਬੰਧੀ ਇਕ ਹੁਕਮ ’ਤੇ ਸ਼ਨਿਚਰਵਾਰ ਨੂੰ ਸਹੀ ਪਾਈ ਹੈ। ਉਧਰ ਉੱਤਰੀ ਅਮਰੀਕੀ ਗੁਆਂਢੀ ਮੁਲਕਾਂ (ਕੈਨੇਡਾ ਤੇ ਮੈਕਸਿਕੋ) ਵੱਲੋਂ ਵਾਰੀ ਦੇ ਵੱਟੇ ਤਹਿਤ ਅਮਰੀਕੀ ਵਸਤਾਂ ’ਤੇ ਟੈਕਸ ਲਗਾਉਣ ਨਾਲ ਵਪਾਰਕ ਜੰਗ ਦਾ ਖ਼ਦਸ਼ਾ ਵਧ ਗਿਆ ਹੈ। ਇਸ ਦੌਰਾਨ ਚੀਨ ਨੇ ਟਰੰਪ ਦੀ ਇਸ ਪੇਸ਼ਕਦਮੀ ਨੂੰ ਲੈ ਕੇ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਲਾਏ ਟੈਕਸਾਂ ਨੂੰ ‘ਅਮਰੀਕੀਆਂ ਦੀ ਸੁਰੱਖਿਆ ਲਈ’ ਜ਼ਰੂਰੀ ਦੱਸਿਆ ਹੈ। ਟਰੰਪ ਨੇ ਤਿੰਨਾਂ ਮੁਲਕਾਂ ’ਤੇ ‘ਫੇਂਟੇਨਾਈਲ’ (ਦਰਦ ਤੋਂ ਆਰਾਮ ਦੇਣ ਵਾਲੀ ਦਵਾਈ) ਦੇ ਗੈਰਕਾਨੂੰਨੀ ਨਿਰਮਾਣ ਤੇ ਬਰਾਮਦ ਉੱਤੇ ਪਾਬੰਦੀ ਲਾਉਣ ਅਤੇ ਕੈਨੇਡਾ ਤੇ ਮੈਕਸਿਕੋ ਉੱਤੇ ਅਮਰੀਕਾ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਦਬਾਅ ਪਾਇਆ ਹੈ।