ਮੁੰਬਈ: ਸੋਮਵਾਰ ਸਵੇਰੇ ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ । ਇਸ ਸਮੇਂ ਉਨ੍ਹਾਂ ਦੀ ਉਮਰ 86 ਸਾਲ ਦੀ ਸੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪਟੇ ਦੇ ਬੇਟੇ ਵਾਮਨ ਆਪਟੇ ਨੇ ਦੱਸਿਆ ਕਿ ਸਾਬਕਾ ਸਲਾਮੀ ਬੱਲੇਬਾਜ਼ ਮਾਧਵ ਆਪਟੇ ਨੇ ਸਵੇਰੇ 6 ਵੱਜ ਕੇ 9 ਮਿੰਟ ‘ਤੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ । ਦੱਸ ਦੇਈਏ ਕਿ ਆਪਟੇ ਨੇ ਆਪਣੇ ਕਰੀਅਰ ਵਿਚ 7 ਟੈਸਟ ਮੈਚ ਖੇਡੇ ਸਨ । ਜਿਸ ਵਿੱਚ ਉਨ੍ਹਾਂ ਨੇ 542 ਦੌੜਾਂ ਬਣਾਈਆਂ ਸਨ । ਇਨ੍ਹਾਂ ਦੌੜਾਂ ਵਿੱਚ ਉਨ੍ਹਾਂ ਦਾ ਇੱਕ ਸੈਂਕੜਾ ਵੀ ਸ਼ਾਮਿਲ ਹੈ । ਇਸ ਤੋਂ ਇਲਾਵਾ ਆਪਟੇ ਨੇ ਫਰਸਟ ਕਲਾਸ ਕ੍ਰਿਕਟ ਵਿੱਚ 67 ਮੈਚਾਂ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 3336 ਦੌੜਾਂ ਬਣਾਈਆਂ ਹਨ ।ਆਪਟੇ ਟੈਸਟ ਸੀਰੀਜ਼ ਵਿੱਚ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਸਲਾਮੀ ਬੱਲੇਬਾਜ਼ ਸਨ । ਆਪਟੇ ਨੇ ਵੈਸਟਇੰਡੀਜ਼ ਖਿਲਾਫ਼ 1953 ਵਿੱਚ 460 ਦੌੜਾਂ ਬਣਾ ਕੇ ਇਹ ਉਪਲਬੱਧੀ ਹਾਸਿਲ ਕੀਤੀ ਸੀ । ਆਪਟੇ ਘਰੇਲੂ ਕ੍ਰਿਕਟ ਵਿੱਚ ਮੁੰਬਈ ਦੇ ਕਪਤਾਨ ਵੀ ਬਣੇ ਸਨ । ਆਪਟੇ ਨੇ ਆਪਣੇ ਕਰੀਅਰ ਦੌਰਾਨ ਮਾਕੰਡ, ਪੋਲੀ ਓਮਰੀਗਰ, ਵਿਜੇ ਹਜ਼ਾਰੇ ਅਤੇ ਰੂਸੀ ਮੋਦੀ ਵਰਗੇ ਧਾਕੜ ਖਿਡਾਰੀਆਂ ਨਾਲ ਕ੍ਰਿਕਟ ਖੇਡੀ ।