ਨਵੀਂ ਦਿੱਲੀ-ਅਮਰੀਕੀ ਇਲੈੱਕਟ੍ਰਿਕ ਕਾਰ ਨਿਰਮਾਤਾ ਟੈਸਲਾ ਨੇ ਭਾਰਤ ’ਚ ਕਾਰੋਬਾਰ ਸੰਚਾਲਨ ਵਿਸ਼ਲੇਸ਼ਕ ਤੇ ਗਾਹਕ ਸਹਾਇਤਾ ਮਾਹਿਰ ਸਣੇ ਵੱਖ-ਵੱਖ ਅਹੁਦਿਆਂ ਲਈ ਭਰਤੀ ਸ਼ੁਰੂੁ ਕੀਤੀ ਹੈ ਅਤੇ ਇਸ ਨੂੰ ਕੰਪਨੀ ਦੀ ਭਾਰਤ ’ਚ ਦਸਤਕ ਦਾ ਸੰਕੇਤ ਮੰਨਿਆ ਜਾ ਸਕਦਾ ਹੈ। ਕੰਪਨੀ ਦੀ ਵੈੱਬਸਾਈਟ ’ਤੇ ਪੋਸਟ ਮੁਤਾਬਕ ਇਹ ਆਸਾਮੀਆਂ ਮੁੰਬਈ ਉਪਨਗਰ ਇਲਾਕੇ ਲਈ ਹਨ। ਇਨ੍ਹਾਂ ਵਿੱਚ ਸਰਵਿਸ ਐਡਵਾਈਜ਼ਰ, ਪਾਰਟਸ ਐਡਵਾਈਜ਼ਰ, ਸਰਵਿਸ ਤਕਨੀਸ਼ੀਅਨ, ਸਰਵਿਸ ਮੈਨੇਜਰ, ਸੇਲ ਤੇ ਗਾਹਕ ਸਹਾਇਤਾ, ਕਾਰੋਬਾਰ ਸੰਚਾਲਨ ਵਿਸ਼ਲੇਸ਼ਕ, ਗਾਹਕ ਸਹਾਇਤਾ ਸੁਪਰਵਾਈਜ਼ਰ, ਗਾਹਕ ਸਹਾਇਤਾ ਮਾਹਿਰ, ਡਿਲਿਵਰੀ ਅਪਰੇਸ਼ਨਜ਼ ਮਾਹਿਰ, ਆਰਡਰ ਅਪਰੇਸ਼ਨਜ਼ ਮਾਹਿਰ, ਸੇਲਜ਼ ਐਡਵਾਈਜ਼ਰ ਤੇ ਕਸਟਮਰ ਮੈਨੇਜਰ ਆਦਿ ਅਹੁਦੇ ਸ਼ਾਮਲ ਹਨ।
ਇਸ ਸਬੰਧੀ ਕੰਪਨੀ ਨੂੰ ਮੇਲ ਭੇਜ ਕੇ ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਇਹ ਕੰਪਨੀ ਦੀ ਭਾਰਤੀ ਬਾਜ਼ਾਰ ’ਚ ਦਾਖਲ ਹੋਣ ਦੀ ਯੋਜਨਾ ਦਾ ਹਿੱਸਾ ਹੈ ਤੇ ਭਾਰਤ ’ਚ ਇਸ ਦੀ ਵਿਕਰੀ ਕਦੋਂ ਸ਼ੁਰੂ ਹੋਵੇਗੀ, ਪਰ ਇਸ ਦਾ ਜਵਾਬ ਨਹੀਂ ਮਿਲਿਆ। ਦੱਸਣਯੋਗ ਹੈ ਕਿ ਟੈਸਲਾ ਵੱਲੋਂ ਇਹ ਕਵਾਇਦ ਕੰਪਨੀ ਦੇ ਸੰਸਥਾਪਕ ਤੇ ਅਮਰੀਕੀ ਅਰਬਪਤੀ ਐਲਨ ਮਸਕ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ਹੈ।