ਭਿਵਾਨੀ ਦੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਬੋਹਰਾ ਟੋਕੀਓ ਓਲੰਪਿਕ ਵਿਚ ਮੁੱਕੇ ਵਰ੍ਹਾਉਂਦੀ ਨਜ਼ਰ ਆਵੇਗੀ। ਪੂਜਾ ਦੇਸ਼ ਦੀ ਪ੍ਰਸਿੱਧ ਮੁੱਕੇਬਾਜ਼ ਐੱਮਸੀ ਮੈਰੀ ਕਾਮ ਨੂੰ ਆਪਣਾ ਆਦਰਸ਼ ਮੰਨਦੀ ਹੈ ਤੇ ਟੋਕੀਓ ਵਿਚ ਉਨ੍ਹਾਂ ਨਾਲ ਹੀ ਦੇਸ਼ ਦੀ ਨੁਮਾਇੰਦਗੀ ਕਰੇਗੀ। ਓਲੰਪਿਕ ਵਿਚ ਖੇਡ ਪ੍ਰਰੇਮੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਪੂਜਾ ਇਨ੍ਹੀਂ ਦਿਨੀਂ ਰਿੰਗ ਵਿਚ ਚੰਗਾ ਪਸੀਨਾ ਵਹਾ ਰਹੀ ਹੈ।
ਪੂਜਾ ਨੇ ਕਿਹਾ ਕਿ ਟੋਕੀਓ ਓਲੰਪਿਕ ਤੋਂ ਪਹਿਲਾਂ ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਨਾਲ ਹੌਸਲਾ ਬੁਲੰਦ ਹੋਇਆ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਚੈਂਪੀਅਨਸ਼ਿਪ ‘ਤੇ ਸ਼ੱਕ ਬਣਿਆ ਹੋਇਆ ਸੀ ਪਰ ਖੇਡ ਅਧਿਕਾਰੀਆਂ ਦੀ ਸਾਰਥਕ ਕੋਸ਼ਿਸ਼ ਕਾਰਨ ਦੇਸ਼ ਦੇ ਖਿਡਾਰੀ ਏਸ਼ੀਅਨ ਚੈਂਪੀਅਨਸ਼ਿਪ ਵਿਚ ਖੇਡਣ ਲਈ ਦੁਬਈ ਰਵਾਨਾ ਹੋ ਸਕੇ। ਜ਼ਿਕਰਯੋਗ ਹੈ ਕਿ ਸਾਲ 2009 ਵਿਚ ਪੂਜਾ ਭਿਵਾਨੀ ਦੇ ਆਦਰਸ਼ ਮਹਿਲਾ ਮਹਾ ਵਿਦਿਆਲਿਆ ਵਿਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਸੀ। ਪੂਜਾ ਨੇ ਉਸ ਵੇਲੇ ਦੀ ਆਪਣੀ ਫਿਜ਼ੀਕਲ ਲੈਕਚਰਾਰ ਮੁਕੇਸ਼ ਰਾਣੀ ਨੂੰ ਮੁੱਕੇਬਾਜ਼ੀ ਵਿਚ ਦਿਲਚਸਪੀ ਦੀ ਗੱਲ ਦੱਸੀ। ਮੁਕੇਸ਼ ਨੇ ਪੂਜਾ ਨੂੰ ਆਪਣੇ ਪਤੀ ਮੁੱਕੇਬਾਜ਼ੀ ਕੋਚ ਸੰਜੇ ਨਾਲ ਮਿਲਵਾਇਆ ਤੇ ਇਸ ਤੋਂ ਬਾਅਦ ਪੂਜਾ ਦਾ ਮੁੱਕੇਬਾਜ਼ੀ ਅਭਿਆਸ ਸ਼ੁਰੂ ਹੋ ਗਿਆ। ਇਸ ਤੋਂ ਇਲਾਵਾ ਇਕ ਵਾਰ ਉਨ੍ਹਾਂ ਦੇ ਕਰੀਅਰ ‘ਤੇ ਰੋਕ ਵੀ ਲੱਗੀ ਜਦ 2015 ਵਿਚ ਦਿਵਾਲੀ ਦੇ ਦਿਨ ਪੂਜਾ ਦਾ ਹੱਥ ਆਤਿਸ਼ਬਾਜ਼ੀ ਨਾਲ ਜ਼ਖ਼ਮੀ ਹੋ ਗਿਆ। ਹੱਥ ਨੂੰ ਸਹੀ ਹੋਣ ਵਿਚ ਦੋ ਸਾਲ ਦਾ ਸਮਾਂ ਲੱਗਾ। ਠੀਕ ਹੋਣ ਤੋਂ ਬਾਅਦ ਪੂਜਾ ਇਕ ਵਾਰ ਮੁੜ ਰਿੰਗ ਵਿਚ ਉਤਰੀ ਤੇ ਵਿਰੋਧੀਆਂ ‘ਤੇ ਆਪਣੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਪੂਜਾ ਨੇ ਜਾਰਡਨ ਵਿਚ ਹੋਏ ਓਲੰਪਿਕ ਕੁਆਲੀਫਾਈ ਮੁਕਾਬਲਿਆਂ ਵਿਚ 75 ਕਿਲੋਗ੍ਰਾਮ ਭਾਰ ਵਰਗ ਵਿਚ ਥਾਈਲੈਂਡ ਦੀ ਮੁੱਕੇਬਾਜ਼ ਨੂੰ ਹਰਾ ਕੇ ਓਲੰਪਿਕ ਕੋਟਾ ਹਾਸਲ ਕੀਤਾ। ਇਹ ਕੋਟਾ ਉਨ੍ਹਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਤਲਬ ਕਿ ਅੱਠ ਮਾਰਚ ਨੂੰ ਹਾਸਲ ਕੀਤਾ ਸੀ।