ਡੇਂਜੇਲ ਡਮਫ੍ਰਾਈਜ ਦੇ ਕੌਮਾਂਤਰੀ ਫੁੱਟਬਾਲ ’ਚ ਪਹਿਲੇ ਗੋਲ ਨਾਲ ਨੀਦਰਲੈਂਡਸ ਨੇ ਯੂਰਪੀ ਚੈਂਪੀਅਨਸ਼ਿਪ ਦੇ ਰੋਮਾਂਚਕ ਮੈਚ ’ਚ ਯੂਕਰੇਨ ਨੂੰ 3-2 ਨਾਲ ਹਰਾ ਦਿੱਤਾ। ਪਹਿਲੇ ਹਾਫ ’ਚ ਗੋਲ ਕਰਨ ਦੇ ਦੋ ਮੌਕੇ ਗੁਆਉਣ ਤੋਂ ਬਾਅਦ ਡਮਫ੍ਰਾਈਜ ਨੇ ਦੂਜੇ ਹਾਫ ’ਚ ਦੋ ਗੋਲ ਕਰਨ ਵਿਚ ਮਦਦ ਕੀਤੀ ਅਤੇ ਫਿਰ 85ਵੇਂ ਮਿੰਟ ਵਿਚ ਜੇਤੂ ਗੋਲ ਦਾਗਿਆ। ਡਮਫ੍ਰਾਈਜ ਨੇ ਕਿਹਾ, ‘ਮੈਨੂੰ ਵਿਸ਼ਵਾਸ ਸੀ ਕਿ ਮੌਕਾ ਆਵੇਗਾ ਅਤੇ ਉਦੋਂ ਤੁਹਾਨੂੰ ਸਹੀ ਜਗ੍ਹਾ ’ਤੇ ਹੋਣਾ ਹੋਵੇਗਾ। ਇਹ ਮੇਰਾ ਸਭ ਤੋਂ ਚੰਗਾ ਮੈਚ ਨਹੀਂ ਸੀ ਪਰ ਇਹ ਸਭ ਤੋਂ ਸੁੰਦਰ ਮੈਚ ਸੀ।’
ਨੀਦਰਲੈਂਡਸ ਦੇ ਕਾਰਜਕਾਰੀ ਕਪਤਾਨ ਜਿਓਜਿਰਨੀਓ ਵਿਜਨਾਲਦਮ ਨੇ 52ਵੇਂ ਮਿੰਟ ’ਚ ਟੀਮ ਨੂੰ ਬੜ੍ਹਤ ਦਿਵਾਈ ਜਿਹੜਾ ਦੂਜੇ ਹਾਫ ਦੇ ਪੰਜ ਗੋਲਾਂ ਵਿਚੋਂ ਪਹਿਲਾ ਗੋਲ ਸੀ। ਵਾਊਟ ਵੇਗਹਾਰਸਟ ਨੇ 59ਵੇਂ ਮਿੰਟ ਵਿਚ ਸਕੋਰ 2-0 ਕਰ ਦਿੱਤਾ ਪਰ ਇਸ ਤੋਂ ਬਾਅਦ ਨੀਦਰਲੈਂਡਸ ਨੂੰ ਪੰਜ ਮਿੰਟ ਦੇ ਅੰਦਰ ਡਿਫੈਂਸ ਲਾਈਨ ਵਿਚ ਦੋ ਗ਼ਲਤੀਆਂ ਦਾ ਖਮਿਆਜ਼ਾ ਭੁਗਤਣਾ ਪਿਆ। ਯੂਕਰੇਨ ਦੇ ਕਪਤਾਨ ਆਂਦਰੇ ਯਾਰਮੋਲੇਂਕੋ ਨੇ 75ਵੇਂ ਮਿੰਟ ਵਿਚ ਯੂਕਰੇਨ ਵੱਲੋਂ ਪਹਿਲਾ ਗੋਲ ਦਾਗਿਆ, ਜਦਕਿ ਇਸ ਦੇ ਪੰਜ ਮਿੰਟ ਬਾਅਦ ਰੋਮਨ ਯਾਰੇਮਚੁਕ ਨੇ ਬਰਾਬਰੀ ਦਾ ਗੋਲ ਦਾਗ ਦਿੱਤਾ।
ਆਸਟ੍ਰੀਆ ਦੀ ਪਹਿਲੀ ਜਿੱਤ : ਆਸਟ੍ਰੀਆ ਨੇ ਰਾਖਵੇਂ ਖਿਡਾਰੀਆਂ ਦੇ ਆਖ਼ਰੀ ਪਲਾਂ ’ਚ ਕੀਤੇ ਗਏ ਗੋਲ ਦੀ ਮਦਦ ਨਾਲ ਨਾਰਥ ਮੈਸੀਡੋਨੀਆ ਨੂੰ 3-1 ਨਾਲ ਹਰਾ ਕੇ ਇਸ ਕੱਪ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਗਰੁੱਪ-ਸੀ ਦੇ ਇਸ ਮੈਚ ’ਚ ਮਾਈਕਲ ਗ੍ਰੇਗੋਰਿਤਸਚ ਅਤੇ ਮਾਰਕੋ ਅਰਨੋਤੋਵਿਚ ਨੇ ਰਾਖਵੇਂ ਖਿਡਾਰੀਆਂ ਦੇ ਰੂਪ ਵਿਚ ਉਤਰ ਕੇ ਆਖ਼ਰੀ ਪਲਾਂ ਵਿਚ ਗੋਲ ਦਾਗੇ। ਆਸਟ੍ਰੀਆ ਦੇ ਕੋਚ ਫ੍ਰੈਂਕੋ ਫੋਡਾ ਨੇ ਕਿਹਾ, ‘ਸਾਰੇ ਖਿਡਾਰੀਆਂ ਨੂੰ ਵਧਾਈ। ਉਨ੍ਹਾਂ ਇਤਿਹਾਸ ਰਚ ਦਿੱਤਾ। ਰਾਖਵੇਂ ਖਿਡਾਰੀ ਹਮੇਸ਼ਾ ਮਹੱਤਵਪੂਰਨ ਹੁੰਦੇ ਹਨ।’

ਆਸਟ੍ਰੀਆ ਦੀ ਇਹ ਪਿਛਲੇ 31 ਸਾਲਾਂ ਵਿਚ ਕਿਸੇ ਵੱਡੇ ਟੂਰਨਾਮੈਂਟ ’ਚ ਪਹਿਲੀ ਜਿੱਤ ਹੈ। ਯੂਰਪੀ ਚੈਂਪੀਅਨਸ਼ਿਪ ’ਚ ਇਹ ਉਸ ਦੀ ਪਹਿਲੀ ਜਿੱਤ ਹੈ। ਗ੍ਰੇਗੋਰਿਤਸਚ ਨੇ ਕਪਤਾਨ ਡੇਵਿਡ ਅਲਾਬਾ ਦੇ ਕ੍ਰਾਸ ’ਤੇ 78ਵੇਂ ਮਿੰਟ ਵਿਚ ਗੋਲ ਕੀਤਾ, ਜਦਕਿ ਅਰਨੋਤੋਵਿਚ ਨੇ ਮੈਚ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਗੋਲ ਦਾਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੇ 59ਵੇਂ ਮਿੰਟ ਵਿਚ ਉਦੋਂ ਮੈਦਾਨ ’ਤੇ ਕਦਮ ਰੱਖਿਆ ਸੀ ਜਦੋਂ ਸਕੋਰ 1-1 ਨਾਲ ਬਰਾਬਰ ਸੀ।