ਯੇਰੂਸ਼ਲਮ-ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੱਖਣੀ ਲਿਬਨਾਨ ’ਚ ਡਰੋਨ ਹਮਲਾ ਕਰਕੇ ਹਮਾਸ ਦੀ ਫੌਜੀ ਮੁਹਿੰਮ ਦੇ ਮੁਖੀ ਮੁਹੰਮਦ ਸ਼ਾਹੀਨ ਨੂੰ ਮਾਰ ਮੁਕਾਇਆ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਇਜ਼ਰਾਈਲ ਨੇ ਇਕ ਦਿਨ ਬਾਅਦ ਜੰਗਬੰਦੀ ਸਮਝੌਤੇ ਤਹਿਤ ਦੱਖਣੀ ਲਿਬਨਾਨ ਤੋਂ ਆਪਣੀਆਂ ਫੌਜਾਂ ਪਿੱਛੇ ਹਟਾਉਣੀਆਂ ਹਨ।
ਹਮਾਸ ਨੇ ਸ਼ਾਹੀਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਉਸ ਨੂੰ ਫੌਜੀ ਕਮਾਂਡਰ ਕਰਾਰ ਦਿੱਤਾ ਹੈ। ਇਜ਼ਰਾਇਲੀ ਫੌਜ ਨੇ ਸ਼ਾਹੀਨ ’ਤੇ ਹੁਣੇ ਜਿਹੇ ਹੋਏ ਦਹਿਸ਼ਤੀ ਹਮਲਿਆਂ ਦੀ ਸਾਜ਼ਿਸ਼ ਘੜਨ ਅਤੇ ਇਰਾਨ ਦੇ ਨਿਰਦੇਸ਼ਾਂ ਤੇ ਫੰਡਾਂ ਦੀ ਮਦਦ ਨਾਲ ਲਿਬਨਾਨ ’ਚ ਇਜ਼ਰਾਇਲੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਏ ਹਨ। ਫੁਟੇਜ ’ਚ ਸਿਡੋਨ ਦੇ ਮਿਊਂਸਿਪਲ ਸਪੋਰਟਸ ਸਟੇਡੀਅਮ ਅਤੇ ਲਿਬਨਾਨੀ ਫੌਜੀ ਚੌਕੀ ਨੇੜੇ ਹੋਏ ਹਮਲੇ ’ਚ ਇਕ ਕਾਰ ਅੱਗ ਦੀਆਂ ਲਪਟਾਂ ’ਚ ਘਿਰੀ ਨਜ਼ਰ ਆ ਰਹੀ ਹੈ।
ਇਜ਼ਰਾਈਲ ਨੇ ਲਿਬਨਾਨ ’ਚੋਂ ਜਨਵਰੀ ਦੇ ਅਖੀਰ ’ਚ ਫੌਜ ਪਿੱਛੇ ਹਟਾਉਣੀ ਸੀ ਪਰ ਇਜ਼ਰਾਈਲ ਦੇ ਦਬਾਅ ਮਗਰੋਂ ਲਿਬਨਾਨ ਜੰਗਬੰਦੀ ਸਮਝੌਤਾ 18 ਫਰਵਰੀ ਤੱਕ ਵਧਾਉਣ ਲਈ ਰਾਜ਼ੀ ਹੋ ਗਿਆ ਸੀ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਜ਼ਰਾਇਲੀ ਫੌਜ ਮੰਗਲਵਾਰ ਤੱਕ ਆਪਣੀ ਵਾਪਸੀ ਮੁਕੰਮਲ ਕਰ ਲਵੇਗੀ ਜਾਂ ਨਹੀਂ।