ਡਾਇਬਟੀਜ਼ ਦੇ ਮਰੀਜ਼ਾਂ ‘ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਸਮੇਂ-ਸਮੇਂ ‘ਤੇ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਸਥਿਤੀ ਕੰਟਰੋਲ ਰੱਖਣ ਲਈ ਰੁਟੀਨ ‘ਚ ਬਦਲਾਅ ਕਰਨਾ ਚਾਹੀਦਾ ਹੈ। ਹਾਲੀਆ ਸ਼ੋਧ ‘ਚ ਇਹ ਗੱਲ ਸਾਹਮਣੇ ਆਈ ਹੈ। ਦੁਨੀਆ ਭਰ ‘ਚ 6.92 ਕਰੋੜ ਲੋਕ ਡਾਇਬਟੀਜ਼ ਦੇ ਸ਼ਿਕਾਰ ਹਨ। ਇਨ੍ਹਾਂ ਤੋਂ ਇਲਾਵਾ ਕਰੀਬ 3.65 ਕਰੋੜ ਲੋਕ ਪ੍ਰਰੀ-ਡਾਇਬਟਿਕ ਸਥਿਤੀ ‘ਚ ਹਨ ਯਾਨੀ ਇਨ੍ਹਾਂ ਨੂੰ ਕਦੀ ਵੀ ਡਾਇਬਟੀਜ਼ ਹੋ ਸਕਦੀ ਹੈ। ਦਿੱਲੀ ਦੇ ਡਾਕਟਰ ਅਜੈ ਕੁਮਾਰ ਅਜਮਾਨੀ ਨੇ ਕਿਹਾ, ‘ਇਕ ਨਵੇਂ ਅਧਿਐਨ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਡਾਇਬਟੀਜ਼ ਹੈ, ਪਰ ਜਾਂਚ ਨਹੀਂ ਹੋਈ, ਉਨ੍ਹਾਂ ‘ਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਅਜਿਹੇ ‘ਚ ਰੈਗੁਲਰ ਜਾਂਚ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ।’ ਗੰਭੀਰ ਸਥਿਤੀ ‘ਚ ਡਾਇਬਟੀਜ਼ ਦਿਲ ਦੇ ਦੌਰੇ ਦਾ ਵੀ ਕਾਰਨ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੈਗੁਲਰ ਕਸਰਤ ਤੇ ਹਫ਼ਤੇ ‘ਚ ਘੱਟੋ ਘੱਟ ਪੰਜ ਦਿਨ 30 ਮਿੰਟ ਦੀ ਸੈਰ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।